Punjab News: ਕਾਂਗਰਸ ਅਤੇ ਉਨ੍ਹਾਂ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵਰ੍ਹਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਚੰਨੀ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ, ਕਿਉਂਕਿ ਪੰਜਾਬ ਦੇ ਲੋਕ ਸੱਚਾਈ ਜਾਣਦੇ ਹਨ ਅਤੇ ਪਹਿਲਾਂ ਹੀ ਉਸ ਨੂੰ ਨਕਾਰ ਦਿੱਤਾ ਹੈ।
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਚੰਨੀ ਸਿਰਫ ਮੁੱਖ ਮੰਤਰੀ ਹੀ ਨਹੀਂ ਸਨ, ਸਗੋਂ ਇਸ ਤੋਂ ਪਹਿਲਾਂ ਉਹ ਵਿਰੋਧੀ ਧਿਰ ਦੇ ਨੇਤਾ, ਕੈਬਨਿਟ ਮੰਤਰੀ ਅਤੇ ਖਰੜ ਨਗਰ ਨਿਗਮ ਦੇ ਪ੍ਰਧਾਨ ਵੀ ਸਨ। ਪਰ ਹੁਣ ਜਦੋਂ ਵਿਜੀਲੈਂਸ ਉਸ ਦੇ ਭ੍ਰਿਸ਼ਟਾਚਾਰ ਬਾਰੇ ਪੁੱਛਗਿੱਛ ਕਰਨ ਜਾ ਰਹੀ ਹੈ ਤਾਂ ਉਹ ਗਰੀਬ ਵਿਅਕਤੀ ਦਾ ਪੱਤਾ ਖੇਡ ਰਿਹਾ ਹੈ।
ਕੰਗ ਨੇ ਚੰਨੀ ਤੇ ਚੁਟਕੀ ਲੈਂਦਿਆਂ ਪੁੱਛਿਆ ਕਿ ਕਿਹੜਾ ਗਰੀਬ ਬੰਦਾ ਵਿਦੇਸ਼ ‘ਚ ਮਹੀਨਿਆਂ ਬੱਧੀ ਬਿਤਾਉਂਦਾ ਹੈ ਜਾਂ ਅਮਰੀਕਾ ਤੋਂ ਇਲਾਜ ਕਰਵਾ ਕੇ ਆਪਣੇ ਬੇਟੇ ਦੇ 5 ਸਟਾਰ ਮੈਰਿਜ ਫੰਕਸ਼ਨ ਕਰਦਾ ਹੈ।
ਕੰਗ ਨੇ ਕਿਹਾ ਕਿ ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਹੁਣ ਤੱਕ ਕਈ ਭ੍ਰਿਸ਼ਟ ਨੇਤਾਵਾਂ ਅਤੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। ਵਿਜੀਲੈਂਸ ਭ੍ਰਿਸ਼ਟ ਲੋਕਾਂ ਵਿਰੁੱਧ ਕਾਰਵਾਈ ਕਰ ਰਹੀ ਹੈ ਅਤੇ ਉਨ੍ਹਾਂ ਦੀ ਕਾਰਵਾਈ ਕਿਸੇ ਵੀ ਭਾਈਚਾਰੇ ਜਾਂ ਧਰਮ ਨੂੰ ਨਿਸ਼ਾਨਾ ਬਣਾਉਣ ਵਾਲੀ ਨਹੀਂ ਹੈ। ਕੰਗ ਨੇ ਕਿਹਾ ਕਿ ਇਹ ਸਿਰਫ ਕਾਂਗਰਸ ਦੀ ਮਾਨਸਿਕਤਾ ਹੈ ਕਿਉਂਕਿ ਉਨ੍ਹਾਂ ਨੇ 70 ਸਾਲਾਂ ਤੋਂ ਦੇਸ਼ ਦੇ ਗਰੀਬ ਲੋਕਾਂ ਨੂੰ ਵੋਟਾਂ ਲਈ ਵਰਤਿਆ ਹੈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 10 ਕਰੋੜ ਦੀ ਜਾਇਦਾਦ ਦਾ ਜ਼ਿਕਰ ਕਰਨ ਵਾਲੇ ਚੰਨੀ ਗਰੀਬ ਨਹੀਂ ਹਨ।
ਕੰਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਗਰੀਬ ਲੋਕਾਂ ਦੀਆਂ ਵੋਟਾਂ ਲਈਆਂ ਅਤੇ ਫਿਰ ਉਨ੍ਹਾਂ ਲਈ ਕੁਝ ਨਹੀਂ ਕੀਤਾ ਪਰ ਭ੍ਰਿਸ਼ਟਾਚਾਰ ਦੀ ਬਦੌਲਤ ਇਹ ਹੁਣ ਕਰੋੜਪਤੀ ਹਨ ਅਤੇ ਆਪਣੇ ਮਹਿਲਾਂ ਦੇ ਮਾਲਕ ਹਨ। ‘ਆਪ’ ਆਗੂ ਨੇ ਕਿਹਾ ਕਿ ਬਾਦਲ ਕਹਿੰਦੇ ਸਨ ਕਿ ਉਹ ਕਿਸਾਨਾਂ ਦਾ ਨੇਤਾ ਹੈ ਅਤੇ ਅੱਜ ਕਿਸਾਨਾਂ ਦੀ ਹਾਲਤ ਦੇਖੋ। ਕੈਪਟਨ ਆਪਣਾ ਆਰਮੀ ਕਾਰਡ ਖੇਡਦਾ ਸੀ ਅਤੇ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਪਾਕਿਸਤਾਨ ਡਿਫੈਂਸ ਸਰਵਿਸ ਦੇ ਪੱਤਰਕਾਰ ਨੂੰ ਆਪਣੇ ਘਰ ਮਹਿਮਾਨ ਵਜੋਂ ਰੱਖਦਾ ਸੀ ਅਤੇ ਹੁਣ ਚੰਨੀ ਜੋ ਕਰੋੜਪਤੀ ਹੈ, ‘ਗਰੀਬ’ ਦਾ ਪੱਤਾ ਖੇਡ ਰਿਹਾ ਹੈ।