ਚੰਡੀਗੜ੍ਹ: ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕ ਇੱਕ ਅਧਖੜ ਦਾ ਮੂੰਹ ਕਾਲਾ ਕਰਕੇ ਛਿੱਤਰਾਂ ਨਾਲ ਕੁੱਟ ਰਹੇ ਹਨ। ਇਹ ਵੀਡੀਓ ਸੰਗਰੂਰ ਨੇੜਲੇ ਪਿੰਡ ਕਲੌਦੀ ਦੀ ਦੱਸੀ ਜਾ ਰਹੀ ਹੈ। ਇਸ ਬੰਦੇ ਉਪਰ ਨਾਬਾਲਗ ਨਾਲ ਛੇੜਛਾੜ ਦੇ ਇਲਜ਼ਾਮ ਹਨ। ਵੀਡੀਓ ਵਿੱਚ ਮੁਲਜ਼ਮ ਨੂੰ ਪਿੰਡ ਦੇ ਲੋਕਾਂ ਵੱਲੋਂ ਥਮ੍ਹਲੇ ਨਾਲ ਬੰਨ੍ਹ ਕੇ, ਮੂੰਹ ਕਾਲਾ ਕਰਕੇ ਤੇ ਗਲ ’ਚ ਛਿੱਤਰਾਂ ਦਾ ਹਾਰ ਪਾ ਕੇ ਕੁੱਟਮਾਰ ਕੀਤੀ ਜਾ ਰਹੀ ਹੈ। ਉਧਰ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਸੂਤਰਾਂ ਮੁਤਾਬਕ ਪਿੰਡ ਕਲੌਦੀ ’ਚ ਨਾਬਾਲਗ ਲੜਕੀ ਨਾਲ ਛੇੜਛਾੜ ਦੀ ਘਟਨਾ ਵਾਪਰੀ ਸੀ। 14 ਸਾਲਾ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਪਿੰਡ ਵਿੱਚ ਸ਼ਾਮ ਨੂੰ ਕਰੀਬ ਸਾਢੇ ਛੇ ਵਜੇ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਸੀ ਤਾਂ ਬੰਦੇ ਨੇ ਉਸ ਨਾਲ ਛੇੜਛਾੜ ਕੀਤੀ। ਰੌਲਾ ਪਾਉਣ ’ਤੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ।

ਲੜਕੀ ਦੇ ਬਿਆਨਾਂ ’ਤੇ ਪੁਲਿਸ ਨੇ 18 ਨਵੰਬਰ ਨੂੰ ਥਾਣਾ ਸਦਰ ਸੰਗਰੂਰ ਵਿੱਚ ਛੇੜਛਾੜ ਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ। ਘਟਨਾ ਤੋਂ ਕਈ ਦਿਨਾਂ ਮਗਰੋਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਹੈ। ਇਸ ਵਿੱਚ ਮੁਲਜ਼ਮ ਨੂੰ ਥਮਲੇ ਨਾਲ ਬੰਨ੍ਹਿਆ ਹੋਇਆ ਹੈ, ਉਸ ਦੇ ਮੂੰਹ ਉਪਰ ਕਾਲਖ਼ ਪੋਚੀ ਹੋਈ ਹੈ ਤੇ ਗਲ ਵਿਚ ਛਿੱਤਰਾਂ ਦਾ ਹਾਰ ਪਾਇਆ ਹੋਇਆ ਹੈ।

ਇੱਕ ਜਣੇ ਨੇ ਉਸ ਨੂੰ ਵਾਲਾਂ ਤੋਂ ਫੜਿਆ ਹੋਇਆ ਹੈ ਤੇ ਹੋਰ ਕਈ ਜਣੇ ਉਸ ਦੀ ਕੁੱਟਮਾਰ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਨਾਲ ਛੇੜਛਾੜ ਦੇ ਦੋਸ਼ ਤਹਿਤ ਮੁਲਜ਼ਮ ਨੂੰ ਪਿੰਡ ਦੇ ਲੋਕਾਂ ਨੇ ਕੁੱਟਮਾਰ ਮਗਰੋਂ ਕਾਨੂੰਨ ਅਨੁਸਾਰ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਸੀ।