Mohali 'ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ,ਸਾਈਕਲ ’ਤੇ ਦਫ਼ਤਰ ਜਾਂਦੇ ਸਮੇਂ ਵਾਪਰਿਆ ਹਾਦਸਾ
Mohali News : ਮੋਹਾਲੀ ਦੇ ਨਵਾਂਗਾਓ ਦੀ ਸਫੈਦਾ ਕਾਲੋਨੀ ਵਿੱਚ ਕਰੰਟ ਲੱਗਣ ਕਾਰਨ 48 ਸਾਲਾ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਸਾਈਕਲ ’ਤੇ ਆਪਣੇ ਦਫ਼ਤਰ ਜਾ ਰਿਹਾ ਸੀ।
Mohali News : ਮੋਹਾਲੀ ਦੇ ਨਵਾਂਗਾਓ ਦੀ ਸਫੈਦਾ ਕਾਲੋਨੀ ਵਿੱਚ ਕਰੰਟ ਲੱਗਣ ਕਾਰਨ 48 ਸਾਲਾ ਵਿਅਕਤੀ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਸਾਈਕਲ ’ਤੇ ਆਪਣੇ ਦਫ਼ਤਰ ਜਾ ਰਿਹਾ ਸੀ। ਕਰੰਟ ਲੱਗਣ ਤੋਂ ਬਾਅਦ ਉਹ ਸੜਕ ’ਤੇ ਡਿੱਗ ਗਿਆ। ਕਿਸੇ ਵਿਅਕਤੀ ਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਮ੍ਰਿਤਕ ਦੀ ਪਛਾਣ ਮੇਵਾਲਾਲ ਵਜੋਂ ਹੋਈ ਹੈ।
ਪੁਲਿਸ ਨੇ ਲਾਸ਼ ਨੂੰ ਖਰੜ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਦਸੇ ਲਈ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਪਾਣੀ ਵਿੱਚ ਪਿਆ ਸੀ ਤਾਰ
ਵੀਰਵਾਰ ਦੇਰ ਰਾਤ ਇਲਾਕੇ ਵਿੱਚ ਭਾਰੀ ਮੀਂਹ ਪਿਆ ਸੀ, ਜਿਸ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ ਸੀ। ਬਿਜਲੀ ਦੀਆਂ ਤਾਰਾਂ ਅਤੇ ਕੇਬਲ ਜ਼ਮੀਨ ਦੇ ਨੇੜੇ ਪਏ ਹੋਏ ਸਨ ਅਤੇ ਕੁਝ ਤਾਰ ਪਾਣੀ ਨੂੰ ਛੂਹ ਰਹੇ ਸਨ। ਜਿਵੇਂ ਹੀ ਮੇਵਾਲਾਲ ਸਾਈਕਲ ਲੈ ਕੇ ਉੱਥੋਂ ਲੰਘਿਆ, ਉਸਨੂੰ ਕਰੰਟ ਲੱਗ ਗਿਆ। ਉਹ ਅੱਗੇ ਨਹੀਂ ਵੱਧ ਸਕਿਆ ਅਤੇ ਮੂੰਹ ਦੇ ਬਲ ਪਾਣੀ ਵਿੱਚ ਡਿੱਗ ਪਿਆ। ਇਸ ਕਾਰਨ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਕਿਸੇ ਵਿਅਕਤੀ ਨੇ ਪਰਿਵਾਰ ਨੂੰ ਸੂਚਨਾ ਦਿੱਤੀ।
ਇਲਾਕੇ ਵਿੱਚ ਕਰੀਬ 100 ਤਾਰ-ਕੇਬਲ ਕੱਟੇ ਗਏ
ਸਥਾਨਕ ਲੋਕਾਂ ਮੁਤਾਬਕ ਹਾਦਸਾ ਸਵੇਰੇ ਕਰੀਬ 5:30 ਤੋਂ 6 ਵਜੇ ਦੇ ਵਿਚਕਾਰ ਵਾਪਰਿਆ, ਜਦੋਂ ਮੇਵਾਲਾਲ ਮੋਹਾਲੀ ਸਥਿਤ ਆਪਣੇ ਦਫ਼ਤਰ ਡਿਊਟੀ ’ਤੇ ਜਾ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਇੱਕ ਨਿੱਜੀ ਕੰਪਨੀ ਦੇ ਕਰਮਚਾਰੀ ਪਿਛਲੇ ਦਿਨ ਇਲਾਕੇ ਵਿੱਚ ਆਏ ਸਨ ਅਤੇ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਤਾਰਾਂ ਅਤੇ ਕੇਬਲ ਕੱਟੇ ਸਨ। ਲੋਕਾਂ ਮੁਤਾਬਕ ਇਸ ਦੌਰਾਨ ਬਿਜਲੀ ਦੀ ਇਹ ਤਾਰ ਵੀ ਕੱਟ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਮੇਵਾਲਾਲ
ਪਰਿਵਾਰਕ ਮੈਂਬਰਾਂ ਮੁਤਾਬਕ ਮੇਵਾਲਾਲ ਦੇ ਪਿੱਛੇ 3 ਪੁੱਤਰ ਹਨ। ਪਰਿਵਾਰ ਦੀ ਸਾਰੀ ਜਿੰਮੇਵਾਰੀ ਉਸ ’ਤੇ ਹੀ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਹਾਦਸੇ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਟ੍ਰੈਂਡਿੰਗ ਟੌਪਿਕ
















