ਚੰਡੀਗੜ੍ਹ: ਅੱਜ ਨਾਭਾ ਦੇ ਮਲੇਰਕੋਟਲਾ ਚੌਕ ਵਿੱਚ ਇੱਕ ਵਿਅਕਤੀ ਨੇ ਆਪਣੇ ਜਵਾਈ ਨੂੰ ਗੋਲ਼ੀ ਮਾਰ ਦਿੱਤੀ। ਦੋਵਾਂ ਵਿਚਾਲੇ ਪਿਛਲੇ 20 ਸਾਲਾਂ ਤੋਂ ਰੰਜ਼ਿਸ਼ ਚੱਲ ਰਹੀ ਸੀ। 21 ਸਾਲ ਪਹਿਲਾਂ ਮੁਲਜ਼ਮ ਦੀ ਕੁੜੀ ਦਾ ਪੀੜਤ ਬਿੱਲੇ ਨਾਲ ਵਿਆਹ ਹੋਇਆ ਸੀ। ਇਸ ਪਿੱਛੋਂ ਕੁੜੀ ਦੀ ਮੌਤ ਹੋ ਗਈ। ਬਿੱਲੇ ਨੂੰ ਮੁਲਜ਼ਮ ਆਪਣੀ ਧੀ ਦਾ ਕਾਤਲ ਮੰਨਦਾ ਸੀ। ਇਸ ਲਈ ਉਸ ਨੇ ਬਦਲਾ ਲੈਣ ਦੀ ਤਾਕ ’ਚ ਉਸ ’ਤੇ ਗੋਲ਼ੀ ਚਲਾ ਦਿੱਤੀ।
ਪ੍ਰਾਪਤ ਜਾਣਕਾਰੀ ਮੁਤਾਬਕ ਬਿੱਲਾ ਕਬਾੜ ਦਾ ਗੋਦਾਮ ਚਲਾਉਂਦਾ ਹੈ। ਗੋਲ਼ੀ ਚੱਲਣ ਮਗਰੋਂ ਰੌਲ਼ਾ ਪੈ ਗਿਆ ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਗੋਲ਼ੀ ਚਲਾਉਣ ਮਗਰੋਂ ਮੁਲਜ਼ਮ ਦੁਬਾਰਾ ਬੰਦੂਕ ਵਿੱਚ 2 ਕਾਰਤੂਸ ਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਿੱਲੇ ਦੇ ਨੌਕਰ ਨੇ ਉਸ ਨੂੰ ਕਾਬੂ ਕਰਕੇ ਬੰਨ੍ਹ ਲਿਆ ਤੇ ਮਗਰੋਂ ਪੁਲਿਸ ਦੇ ਹਵਾਲੇ ਕਰ ਦਿੱਤਾ।
ਜ਼ਖ਼ਮੀ ਬਿੱਲੇ ਨੂੰ ਨੇੜੇ ਦੇ ਹਸਪਤਾਲ ਦਾਖ਼ਲ ਕਰਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ।