ਹੁਸ਼ਿਆਰਪੁਰ: ਪੁਲਿਸ ਨੇ ਜਾਗੋ ਮੌਕੇ ਡੀਜੇ 'ਤੇ ਨੱਚਦਿਆਂ ਅਚਾਨਕ ਗੋਲ਼ੀ ਚੱਲਾ ਫ਼ੋਟੋਗ੍ਰਾਫ਼ਰ ਦੀ ਜਾਨ ਲੈਣ ਦੇ ਇਲਜ਼ਾਮ ਹੇਠ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਫ਼ੋਟੋਗ੍ਰਾਫ਼ਰਰ ਜਸਪਾਲ ਸਿੰਘ ਜੱਸੀ ਦੀ ਜਾਨ ਲੈਣ ਵਾਲੇ ਮੁਲਜ਼ਮ ਦੀ ਸ਼ਨਾਖ਼ਤ ਰਿਪੁਦਮਨ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਸ 'ਤੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਦਸੂਹਾ ਦੇ ਡੀਐਸਪੀ ਅੱਛਰੂ ਸ਼ਰਮਾ ਨੇ ਦੱਸਿਆ ਕਿ ਰਿਪੁਦਮਨ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਉਸ ਨੇ ਗੋਲ਼ੀ ਵੀ ਕਿਸੇ ਰਿਸ਼ਤੇਦਾਰ ਦੇ ਹਥਿਆਰ 'ਚੋਂ ਚਲਾਈ ਸੀ। ਪੁਲਿਸ ਹੁਣ ਪੜਤਾਲ ਕਰੇਗੀ ਕਿ ਇਹ ਹਥਿਆਰ ਕਿਸ ਦਾ ਸੀ ਤੇ ਰਿਪੁਦਮਨ ਕੋਲ ਕਿਵੇਂ ਆਇਆ। ਇਸ ਦੇ ਨਾਲ ਹੀ ਹਥਿਆਰ ਦੇ ਮਾਲਕ ਦੇ ਲਾਈਸੰਸ ਦੀ ਜਾਂਚ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਵਿਆਹ 'ਤੇ ਲਾਇਆ ਡੀਜੇ, ਚੱਲੀ ਗੋਲ਼ੀ, ਫੋਟੋਗ੍ਰਾਫ਼ਰ ਦੀ ਮੌਤ
ਜ਼ਿਕਰਯੋਗ ਹੈ ਕਿ ਦਸੂਹਾ ਦੇ ਪਿੰਡ ਹਰਦੋਥਲਾ ਵਿੱਚ ਦੋ ਦਿਨ ਪਹਿਲਾਂ ਵਿਆਹ ਦੇ ਜਸ਼ਨਾਂ ਦੌਰਾਨ ਦਾ ਅਚਾਨਕ ਗੋਲ਼ੀ ਚੱਲੀ ਸੀ। ਹਾਦਸੇ ਵਿੱਚ ਜਾਗੋ ਦਾ ਪ੍ਰੋਗਰਾਮ ਕਵਰ ਕਰ ਰਹੇ ਮਨਸੂਰਪੁਰ (ਮੁਕੇਰੀਆਂ) ਦੇ ਰਹਿਣ ਵਾਲੇ 22 ਸਾਲਾ ਫੋਟੋਗ੍ਰਾਫ਼ਰ ਜਸਪਾਲ ਸਿੰਘ ਜੱਸੀ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ।