ਜਲੰਧਰ: ਸ਼ਹਿਰ ਦੇ ਰਾਮਾ ਮੰਡੀ ਇਲਾਕੇ ਵਿੱਚ ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 30 ਸਾਲ ਦੇ ਅਜੇ ਕੁਮਾਰ ਵਜੋਂ ਹੋਈ ਹੈ। ਜਲੰਧਰ ਦੇ ਦਕੋਹਾ ਦਾ ਰਹਿਣ ਵਾਲਾ ਮ੍ਰਿਤਕ ਨੌਜਵਾਨ ਛੇਤੀ ਹੀ ਕੈਨੇਡਾ ਜਾਣ ਵਾਲਾ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ ਅਜੇ ਕੁਮਾਰ ਰਾਮਾ ਮੰਡੀ ਸਥਿਤ ਜਿੰਮ ਵਿੱਚੋਂ ਨਿੱਕਲਿਆ ਸੀ ਤਾਂ ਕੁਝ ਨੌਜਵਾਨਾਂ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਅਜੇ ਨੂੰ ਚਾਰ ਗੋਲ਼ੀਆਂ ਵੱਜੀਆਂ। ਦੋ ਗੋਲੀਆਂ ਪੱਟ 'ਤੇ, ਇੱਕ ਪੇਟ ਅਤੇ ਇੱਕ ਸਿਰ ਵਿੱਚ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।

ਉਸ ਨੂੰ ਤੁਰੰਤ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਪਰ ਦੇਰ ਰਾਤ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਅਜੇ ਦੀ ਮਾਂ ਜਲੰਧਰ ਨਗਰ ਨਿਗਮ ਵਿੱਚ ਕੰਮ ਕਰਦੀ ਹੈ। ਉਸ ਨੇ ਕੁਝ ਹੀ ਸਮੇਂ ਵਿੱਚ ਕੈਨੇਡਾ ਜਾਣਾ ਸੀ। ਪੁਲਿਸ ਨੇ ਇਸ ਵਾਰਦਾਤ ਪਿੱਛੇ ਸਥਾਨਕ ਗੁੰਡਿਆਂ ਦਾ ਹੱਥ ਹੋਣ ਦਾ ਖ਼ਦਸ਼ਾ ਜਤਾਇਆ ਹੈ। ਫਿਲਹਾਲ ਪੁਲਿਸ ਹਮਲਾਵਰਾਂ ਤਕ ਪਹੁੰਚ ਨਹੀਂ ਸਕੀ ਹੈ।