Hoshiarpur News : ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਹਲਕੇ ਦੇ ਪਿੰਡ ਥੇਪੜਾ ਵਿੱਚ 52 ਸਾਲਾ ਕਿਸਾਨ ਗੁਰਮੇਲ ਸਿੰਘ ਦਾ ਕਤਲ ਕਰ ਦਿੱਤਾ ਗਿਆ। ਉਹ ਆਪਣੇ ਘਰ ਦੇ ਬਾਹਰ ਵਰਾਂਡੇ ਵਿੱਚ ਸੁੱਤਾ ਹੋਇਆ ਸੀ। ਸਵੇਰੇ ਜਦੋਂ ਉਸ ਦੀ ਭਾਬੀ ਉਸ ਨੂੰ ਜਗਾਉਣ ਗਈ ਤਾਂ ਇਸ ਖੌਫਨਾਕ ਘਟਨਾ ਦਾ ਪਤਾ ਲੱਗਾ।
ਮ੍ਰਿਤਕ ਗੁਰਮੇਲ ਸਿੰਘ ਦੇ ਚਿਹਰੇ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ। ਸਵੇਰੇ ਕਰੀਬ ਸਾਢੇ 5 ਵਜੇ ਉਸ ਦੀ ਭਾਬੀ ਪਰਮਜੀਤ ਕੌਰ ਉਸ ਨੂੰ ਜਗਾਉਣ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਬਿਸਤਰਾ ਖੂਨ ਨਾਲ ਲੱਥਪੱਥ ਸੀ। ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਪੁਲਿਸ ਅਤੇ ਪਿੰਡ ਦੇ ਸਰਪੰਚ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ 'ਤੇ ਥਾਣਾ ਮੁਖੀ ਦਲਜੀਤ ਸਿੰਘ ਦੀ ਅਗਵਾਈ ਹੇਠ ਦਸੂਹਾ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਭਤੀਜੇ ਅਮਨਦੀਪ ਸਿੰਘ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਗੁਰਮੇਲ ਸਿੰਘ ਦਾ ਗੁਆਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।
ਪਰਿਵਾਰ ਘਰ ਅੰਦਰ ਸੁੱਤਾ ਸੀ, ਕਿਸੇ ਨੂੰ ਨਹੀਂ ਲੱਗੀ ਭਿਣਕ
ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਚਾਚਾ ਗੁਰਮੇਲ ਸਿੰਘ ਉਨ੍ਹਾਂ ਨਾਲ ਹੀ ਰਹਿੰਦੇ ਸਨ। ਰਾਤ ਨੂੰ ਉਹ, ਉਸ ਦਾ ਭਰਾ ਗੁਰਮੁਖ ਅਤੇ ਮਾਤਾ ਘਰ ਦੇ ਅੰਦਰ ਸੁੱਤੇ ਹੋਏ ਸਨ, ਜਦਕਿ ਗੁਰਮੇਲ ਸਿੰਘ ਵਰਾਂਡੇ ਵਿੱਚ ਮੰਜੇ 'ਤੇ ਸੁੱਤੇ ਹੋਏ ਸਨ। ਸਵੇਰੇ ਜਦੋਂ ਪਰਮਜੀਤ ਕੌਰ ਉਨ੍ਹਾਂ ਨੂੰ ਜਗਾਉਣ ਗਈ ਤਾਂ ਬਿਸਤਰਾ ਖੂਨ ਨਾਲ ਭਰਿਆ ਹੋਇਆ ਸੀ ਅਤੇ ਉਨ੍ਹਾਂ ਦੇ ਚਿਹਰੇ 'ਤੇ ਡੂੰਘੇ ਜ਼ਖ਼ਮ ਸਨ।
ਥਾਣਾ ਮੁਖੀ ਨੇ ਕੀ ਕਿਹਾ?
ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਦਿਨ ਪਸ਼ੂਆਂ ਦੇ ਭੂਸੇ ਨੂੰ ਲੈ ਕੇ ਗੁਰਮੇਲ ਸਿੰਘ ਦੀ ਗੁਆਂਢੀਆਂ ਨਾਲ ਤਕਰਾਰ ਹੋਈ ਸੀ।ਪੁਲਿਸ ਨੇ ਦੱਸਿਆ ਕਿ ਸੰਬੰਧਤ ਗੁਆਂਢੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਹੀ ਹਿਰਾਸਤ ਵਿੱਚ ਲਿਆ ਜਾਵੇਗਾ।
