ਮ੍ਰਿਤਕ ਪਤਨੀ ਨੂੰ ਹਸਪਤਾਲ ਛੱਡ ਫਰਾਰ ਹੋਇਆ ਪਤੀ
ਏਬੀਪੀ ਸਾਂਝਾ | 19 Jan 2018 11:59 AM (IST)
ਬਠਿੰਡਾ: ਮੁਕਤਸਰ ਦੇ ਪੁਲਿਸ ਥਾਣਾ ਲੱਖੇਵਾਲੀ ਦੇ ਅਧੀਨ ਆਉਂਦੇ ਪਿੰਡ ਚੱਕ ਸ਼ੇਰੇਵਾਲਾ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦੀ ਲਾਸ਼ ਨੂੰ ਹਸਪਤਾਲ ਵਿੱਚ ਛੱਡ ਕੇ ਆਪ ਉੱਥੋਂ ਭੱਜ ਗਿਆ ਹੈ। ਮ੍ਰਿਤਕਾ ਦੇ ਪਰਿਵਾਰ ਨੇ ਉਸ ਦੀ ਮੌਤ ਜ਼ਿਆਦਾ ਕੁੱਟਮਾਰ ਹੋਣ ਕਾਰਨ ਹੋਣ ਦਾ ਸ਼ੱਕ ਜ਼ਾਹਰ ਕੀਤਾ ਹੈ। ਪਰਿਵਾਰ ਨੇ ਆਪਣੇ ਜਵਾਈ 'ਤੇ ਨਾਜਾਇਜ਼ ਸਬੰਧਾਂ ਦੇ ਇਲਜ਼ਾਮ ਵੀ ਲਾਏ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸ਼ੇਰੇਵਾਲਾ ਦੇ ਵਾਸੀ ਅਜੇ ਕੁਮਾਰ ਪੁੱਤਰ ਪਰਮਾ ਨੰਦ ਆਪਣੀ ਪਤਨੀ ਪਵਨਦੀਪ ਕੌਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਪਰਿਵਾਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਲੜਕੀ ਬਿਮਾਰ ਹੈ। ਪਰਿਵਾਰ ਮੁਤਾਬਕ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਸਹੁਰੇ ਪਰਿਵਾਰ ਵਿੱਚੋਂ ਉੱਥੇ ਕੋਈ ਵੀ ਮੌਜੂਦ ਨਹੀਂ ਸੀ। ਪਿੰਡ ਉਦੇਕਰਨ ਕੁਲਵੰਤ ਸਿੰਘ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਸ ਦੀ ਧੀ ਪਵਨਦੀਪ ਕੌਰ ਦਾ ਵਿਆਹ ਅਜੇ ਕੁਮਾਰ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਵੀ ਹਨ। ਅਜੇ ਕੁਮਾਰ ਕਾਰ ਮਕੈਨਿਕ ਤੇ ਰੰਗ ਰੋਗਨ ਦਾ ਕੰਮ ਕਰਦਾ ਹੈ। ਲੜਕੀ ਦੀ ਮਾਤਾ ਪਰਵਿੰਦਰ ਕੌਰ ਤੇ ਉਦੇਕਰਨ ਦੇ ਹੋਰ ਲੋਕਾਂ ਨੇ ਇਲਜ਼ਾਮ ਲਾਇਆ ਕਿ ਲਾਇਆ ਕਿ ਅਜੇ ਦੇ ਆਪਣੀ ਮਾਮੀ ਨਾਲ ਹੀ ਨਾਜਾਇਜ਼ ਸਬੰਧ ਸਨ ਤੇ ਪਤਨੀ ਦੀ ਰੋਕ-ਟੋਕ ਕਾਰਨ ਉਹ ਲੜਾਈ ਝਗੜਾ ਕਰਦਾ ਸੀ। ਉਨ੍ਹਾਂ ਇਲਜ਼ਾਮ ਲਾਇਆ ਕਿ ਬੀਤੀ ਰਾਤ ਪਵਨਦੀਪ ਦੀ ਜ਼ਿਆਦਾ ਕੁੱਟਮਾਰ ਕਰਨ ਨਾਲ ਮੌਤ ਹੋ ਗਈ। ਪਰਿਵਾਰ ਨੇ ਇਹ ਵੀ ਕਿਹਾ ਕਿ ਬੀਤੀ ਰਾਤ ਉਨ੍ਹਾਂ ਦੇ ਜਵਾਈ ਨੇ ਫ਼ੋਨ 'ਤੇ ਇਹ ਕਿਹਾ ਸੀ ਕਿ ਪਵਨਦੀਪ ਦੇ ਸੱਟਾਂ ਲੱਗੀਆਂ ਹਨ, ਉਸ ਨੇ ਉਸ ਨੂੰ ਮਾਰ ਕੇ ਹੀ ਹਸਪਤਾਲ ਲਿਆਂਦਾ ਹੈ। ਥਾਣਾ ਲੱਖੇਵਾਲੀ ਦੇ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਮੁਕਤਸਰ ਆ ਕੇ ਕੀਤੀ ਪੜਤਾਲ ਤੇ ਮ੍ਰਿਤਕਾ ਦੇ ਮਾਤਾ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।