ਅਨੋਖੇ ਢੰਗ ਨਾਲ ਬੱਚਿਆਂ ਨੂੰ ਸਿੱਖੀ ਦੇ ਰਾਹ ਪਾ ਰਹੇ ਮਿਸਟਰ ਸਿੰਘ ਕਿੰਗ
ਏਬੀਪੀ ਸਾਂਝਾ | 20 Jun 2018 01:28 PM (IST)
ਲੁਧਿਆਣਾ: ਲੁਧਿਆਣਾ ਦੇ ਮਾਡਲ ਟਾਊਨ ਸਥਿਤ ਮਿਸਟਰ ਸਿੰਘ ਕਿੰਗ ਬਰਗਰ ਦੀ ਰੇਹੜੀ ਚਲਾਉਣ ਵਾਲੇ ਰਵਿੰਦਰਪਾਲ ਸਿੰਘ ਨੇ ਬੱਚਿਆਂ ਤੇ ਵੱਡਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਵੱਖਰਾ ਹੀ ਉਪਰਾਲਾ ਕੀਤਾ ਹੈ। ਰਵਿਦਰਪਾਲ ਸਿੰਘ ਆਪਣੀ ਬਰਗਰਾਂ ਦੀ ਰੇਹੜੀ ’ਤੇ ਵੱਖਰੇ ਤਰੀਕੇ ਨਾਲ ਜਪੁਜੀ ਸਾਹਿਬ ਦਾ ਪਾਠ ਸੁਣਾਉਂਦੇ ਹਨ ਤੇ ਲੋਕਾਂ ਨੂੰ ਮੁਫ਼ਤ ਵਿੱਚ ਹੀ ਬਰਗਰ ਖਵਾਉਂਦੇ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਗਰੰਥ ਸਾਹਿਬ ਦੇ ਦੋ ਅੰਗਾਂ ਦਾ ਪਾਠ ਪੜ੍ਹ ਕੇ ਸੁਣਾਉਣ ਵਾਲੇ ਬੱਚਿਆਂ ਨੂੰ ਉਹ ਫਰੀ ਬਰਗਰ ਤੇ ਹੋਰ ਤੋਹਫੇ ਵੀ ਦਿੰਦੇ ਹਨ। ਇੰਨਾ ਹੀ ਨਹੀਂ, ਵਾਤਾਵਰਨ ਦੀ ਸੁਰੱਖਿਆ ਲਈ ਵੀ ਉਨ੍ਹਾਂ ਖ਼ਾਸ ਉਪਰਾਲਾ ਕੀਤਾ ਹੈ। ਆਪਣੇ ਮਾਪਿਆਂ ਨਾਲ ਇੱਕ ਪੌਦਾ ਲਾਉਂਦਿਆਂ ਦੀ ਸੈਲਫੀ ਦਿਖਾਉਣ ਵਾਲੇ ਬੱਚਿਆਂ ਨੂੰ ਵੀ ਉਹ ਫਰੀ ਬਰਗਰ ਖਵਾਉਂਦੇ ਹਨ। ਇਸ ਸਬੰਧੀ ਰਵਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ 10ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਉਹ ਹਰ ਸਾਲ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਦੋਵੇਂ ਉਪਰਾਲੇ ਸਾਰੇ ਧਰਮਾਂ ਦੇ ਬੱਚਿਆਂ ਲਈ ਹੁੰਦੇ ਹਨ, ਉਹ ਬੱਚਿਆਂ ਵਿੱਚ ਕੋਈ ਭੇਦਭਾਵ ਨਹੀਂ ਕਰਦੇ।