ਫਿਰੋਜ਼ਪੁਰ: ਇੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੂੰ ਇੱਕ ਵਿਅਕਤੀ ਨੂੰ ਨਹਿਰ ਵਿੱਚ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖਤ ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈਕਾ ਦੇ ਲਖਵੀਰ ਸਿੰਘ ਪੁੱਤਰ ਨਿਰੰਜਣ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਸੁਖਦੀਪ ਸਿੰਘ ਵਾਸੀ ਵਾੜਾ ਭਾਈਕਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਥਾਣੇਦਾਰ ਅਭਿਨਵ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਬੇਟੇ ਸੰਦੀਪ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪਿਤਾ ਪਿੰਡ ਡੋਡ ਜ਼ਿਲ੍ਹਾ ਫ਼ਰੀਦਕੋਟ ਵਿੱਚ ਘੋੜੇ ਟਰਾਲੇ ਦੇ ਡਰਾਈਵਰ ਲੱਗਾ ਹੋਇਆ ਸੀ। ਮੁਲਜ਼ਮ ਸੁਖਦੀਪ ਸਿੰਘ ਵੀ ਸਹਾਇਕ ਡਰਾਈਵਰ ਲੱਗਾ ਹੋਇਆ ਸੀ।

ਬੀਤੇ ਦਿਨ ਸੁਰਜੀਤ ਸਿੰਘ ਮੋਟਰਸਾਈਕਲ 'ਤੇ ਉਨ੍ਹਾਂ ਦੇ ਘਰ ਆਇਆ ਤੇ ਉਸ ਦੇ ਪਿਤਾ ਲਖਵੀਰ ਸਿੰਘ ਨੂੰ ਕਹਿਣ ਲੱਗਾ ਕਿ ਟਰਾਲੇ ਦੇ ਮਾਲਕ ਨਾਲ ਹਿਸਾਬ ਕਰਨ ਲਈ ਜਾਣਾ ਹੈ। ਸ਼ਿਕਾਇਤਕਰਤਾ ਅਨੁਸਾਰ ਕਰੀਬ ਦੋ ਵਜੇ ਜੌੜੀਆਂ ਨਹਿਰਾਂ ਵਿਚਕਾਰ ਪਟੜੀ ਤੇ ਸੁਖਦੀਪ ਸਿੰਘ ਨੇ ਉਸ ਦੇ ਪਿਤਾ ਲਖਵੀਰ ਸਿੰਘ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 320 ਤਹਿਤ ਮੁਕੱਦਮਾ ਦਰਜ ਕਰਕੇ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।