Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਮਗਰੋਂ ਪੰਜਾਬ ਕਾਂਗਰਸ ਪਾਰਟੀ 'ਚ ਕਲੇਸ਼ ਵਧਦਾ ਜਾ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚਰਨਜੀਤ ਚੰਨੀ ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ। ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਸੰਜੀਦਾ ਵਿਅਕਤੀ ਦੀ ਲੋੜ ਹੈ। ਮਨੀਸ਼ ਤਿਵਾੜੀ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਚੰਨੀ ਦਾ ਨਾਂ ਨਹੀਂ ਲਿਆ।

ਮਨੀਸ਼ ਤਿਵਾੜੀ ਨੇ ਕਿਹਾ, ‘‘ਪੰਜਾਬ ਨੂੰ ਇੱਕ ਸੰਜੀਦਾ ਵਿਅਕਤੀ ਦੀ ਲੋੜ ਹੈ ਜੋ ਪੰਜਾਬ ਦੀਆਂ ਚੁਣੌਤੀਆਂ ਦਾ ਹੱਲ ਕਰ ਸਕੇ। ਉਸ ਵਿੱਚ ਮੁਸ਼ਕਲ ਫੈਸਲੇ ਲੈਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਪੰਜਾਬ ਨੂੰ ਸੰਜੀਦਾ ਲੀਡਰਾਂ ਦੀ ਲੋੜ ਹੈ। ਰਾਜ ਨੂੰ ਸੋਸ਼ਲ ਇੰਜਨੀਅਰਿੰਗ, ਮਨੋਰੰਜਨ ਤੇ ਸਿਆਸਤਦਾਨਾਂ ਦੀ ਲੋੜ ਨਹੀਂ ਹੈ ਜੋ ਸਿਰਫ਼ ਮੁਫ਼ਤ ਐਲਾਨ ਕਰਦੇ ਹਨ।"

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਨੀਸ਼ ਤਿਵਾੜੀ ਨੇ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ 'ਤੇ ਹਮਲਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਮਨੀਸ਼ ਤਿਵਾੜੀ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ 'ਤੇ ਲਗਾਤਾਰ ਸਵਾਲ ਚੁੱਕ ਰਹੇ ਹਨ।

ਸਿੱਧੂ ਤੇ ਚੰਨੀ ਦਬਾਅ ਬਣਾ ਰਹੇ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਬਿਨਾਂ ਕਿਸੇ ਨੂੰ ਚਿਹਰਾ ਬਣਾਏ ਹੀ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ।ਪਰ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਣ ਲਈ ਪਾਰਟੀ 'ਤੇ ਲਗਾਤਾਰ ਦਬਾਅ ਬਣਾ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਦਾ ਫੈਸਲਾ ਪੰਜਾਬ ਦੇ ਲੋਕ ਕਰਨਗੇ, ਪਾਰਟੀ ਹਾਈਕਮਾਂਡ ਨਹੀਂ।ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਬਣਨ ਦੀ ਨਵੀਂ ਬਾਜ਼ੀ ਖੇਡੀ ਹੈ। ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਨਾ ਕੀਤਾ ਤਾਂ ਉਸ ਨੂੰ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ।


 


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ