Punjab News:  ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਵਿੱਚ ਆਉਣ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਹਨ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਨੇ ਕਿਹਾ ਕਿ  ਦਿੱਲੀ ਤੋਂ ਭਗੌੜਾ ਇਨ੍ਹੀਂ ਦਿਨੀਂ ਦਿੱਲੀ ਤੋਂ ਪੰਜਾਬ ਆਇਆ ਹੈ। ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਪੰਜਾਬ ਵਿੱਚ ਘੁੰਮ ਰਹੇ ਹਨ। 

ਇਸ ਮੌਕੇ ਸਿਰਸਾ ਨੇ ਵੀਡੀਓ ਸਾਂਝੀ ਕਰਕੇ ਲਿਖਿਆ,  ਅਰਵਿੰਦ ਕੇਜਰੀਵਾਲ ਕਿਸ ਹੈਸੀਅਤ ਵਿੱਚ ਪੰਜਾਬ ਬਾਰੇ ਅਧਿਕਾਰਤ ਐਲਾਨ ਕਰ ਰਹੇ ਹਨ ? ਉਹ ਨਾ ਤਾਂ ਸੂਬੇ ਵਿੱਚ ਵਿਧਾਇਕ ਹਨ ਅਤੇ ਨਾ ਹੀ ਮੰਤਰੀ। ਕੀ ਭਗਵੰਤ ਮਾਨ ਸਿਰਫ਼ ਇੱਕ ਰਬੜ-ਸਟੈਂਪ ਵਾਲਾ ਮੁੱਖ ਮੰਤਰੀ ਹੈ? ਅਸਲ ਵਿੱਚ ਪੰਜਾਬ ਕੌਣ ਚਲਾ ਰਿਹਾ ਹੈ... ਇੱਕ ਚੁਣੀ ਹੋਈ ਸਰਕਾਰ  ਜਾਂ ਦਿੱਲੀ ਤੋਂ ਕੇਜਰੀਵਾਲ?

ਸਿਰਸਾ ਨੇ ਵੀਡੀਓ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਕਿ ਕੇਜਰੀਵਾਲ ਦਾ ਨਸ਼ਿਆਂ ਖ਼ਿਲਾਫ਼ ਵੱਡਾ ਹਮਲਾ, ਪਰ ਕੇਜਰੀਵਾਲ ਨਾ ਤਾਂ ਪੰਜਾਬ ਵਿੱਚ ਮੰਤਰੀ ਹਨ ਤੇ ਨਾ ਹੀ ਵਿਧਾਇਕ ਹਨ, ਫਿਰ ਉਹ ਕਿਸ ਹਿਸਾਬ ਨਾਲ ਨਸ਼ਿਆਂ ਨੂੰ ਖ਼ਤਮ ਕਰ ਰਹੇ ਹਨ।

ਸਿਰਸਾ ਨੇ ਕਿਹਾ ਕਿ ਉਹ ਇਹ ਸਾਬਤ ਕਰ ਰਹੇ ਹਨ ਕਿ ਭਗਵੰਤ ਮਾਨ ਬਤੌਰ ਮੁੱਖ ਫੇਲ੍ਹ ਹੋ ਚੁੱਕੇ ਹਨ ਤੇ ਹੁਣ ਲੋਕਾਂ ਨੂੰ ਬਚਾਉਣ ਲਈ ਕੇਜਰੀਵਾਲ ਮਸੀਹਾ ਬਣ ਕੇ ਆਏ ਹਨ। ਕੇਜਰੀਵਾਲ ਦੀ ਛਵੀ ਸੁਧਾਰਨ ਲਈ ਪੰਜਾਬ ਸਰਕਾਰ ਦਾ ਕਰੋੜਾਂ ਰੁਪਇਆ ਖ਼ਰਚ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਲਈ ਇਹ  ਸਭ ਕੀਤਾ ਜਾ ਰਿਹਾ ਹੈ ਤੇ ਜਿਸ ਤਹਿਤ ਦਿਖਾਇਆ ਜਾ ਰਿਹਾ ਹੈ ਕਿ ਉਹ ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਲੜ ਰਿਹਾ ਹੈ।

ਇਸ ਤੋਂ ਪਹਿਲਾਂ ਸਿਰਸਾ ਨੇ ਕਿਹਾ ਸੀ ਕਿ 50 ਲੋਕਾਂ ਦੇ ਕਾਫਲੇ ਨਾਲ ਵਿਪਾਸਨਾ ਲਈ ਕੌਣ ਆਉਂਦਾ ਹੈ ? ਅਰਵਿੰਦ ਕੇਜਰੀਵਾਲ ਸੱਤਾ ਹਥਿਆਉਣਾ ਚਾਹੁੰਦੇ ਹਨ ਤੇ ਭਗੰਵਤ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ। ਕੇਜਰੀਵਾਲ ਦਾ ਮਕਸਦ ਲੋਕਾਂ ਨੂੰ ਇਹ ਦਿਖਾਉਣਾ ਹੈ ਕਿ ਤਿੰਨ ਸਾਲਾਂ ਵਿੱਚ ਭੰਗਵਤ ਮਾਨ ਕੁਝ ਨਹੀਂ ਕਰ ਸਕਿਆ ਤੇ ਕੇਜਰੀਵਾਲ ਦੇ ਪੰਜਾਬ ਆਉਣ ਨਾਲ ਕੰਮ ਸ਼ੁਰੂ ਹੋ ਗਿਆ ਹੈ। ਨਸ਼ੇ 'ਤੇ ਹਮਲਾ ਹੋ ਰਿਹਾ ਹੈ।

ਇਸ ਦੇ ਨਾਲ ਹੀ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਵੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋ ਸਕੇ। ਹੁਣ ਨਸ਼ੇ ਦੇ ਮੁੱਦੇ ਦਾ ਸਹਾਰਾ ਲਿਆ ਜਾ ਰਿਹਾ ਹੈ ਪਰ ਹੁਣ ਸਵਾਲ ਇਹ ਹੈ ਕਿ ਦਿੱਲੀ ਹਾਰਨ ਤੋਂ ਬਾਅਦ ਹੀ ਨਸ਼ੇ ਉੱਤੇ ਹਮਲਾ ਕਰਨਾ ਕਿਉਂ ਯਾਦ ਆਇਆ ।