Exclusive: ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ DSGMC ਦੇ ਪ੍ਰਧਾਨ ਰਹਿ ਚੁੱਕੇ ਮਨਜਿੰਦਰ ਸਿਰਸਾ ਬੀਜੇਪੀ ਵਿੱਚ ਸ਼ਾਮਲ ਹੋ ਗਏ। ਇਸ ਮਗਰੋਂ ਸਿਆਸੀ ਹਲਚੱਲ ਵੱਧ ਗਈ ਅਤੇ ਅਕਾਲੀ ਦਲ ਨੇ ਸਿਰਸਾ ਦੇ ਪਾਰਟੀ ਛੱਡ ਬੀਜੇਪੀ 'ਚ ਜਾਣ ਦੀ ਅਲੋਚਨਾ ਕੀਤੀ ਸੀ।ਸਿਰਸਾ ਨੇ ਹੁਣ ਸਾਫ਼ ਕੀਤਾ ਹੈ ਕਿ ਉਨ੍ਹਾਂ ਨੇ ਇਹ ਕਦਮ ਕਿਉਂ ਚੁੱਕਿਆ।



ਸੁਖਬੀਰ ਬਾਦਲ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ ਸੀ ਕਿ ਮਨਜਿੰਦਰ ਸਿਰਸਾ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਦੋ ਦਿਨ ਪਹਿਲਾਂ ਮੈਨੂੰ ਵ੍ਹਟਸਐਪ ’ਤੇ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਮੈਨੂੰ ਗ੍ਰਿਫ਼ਤਾਰ ਕਰਨ ਵਾਲੇ ਹਨ। ਸੁਖਬੀਰ ਬਾਦਲ ਨੇ ਭਾਜਪਾ 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਭਾਜਪਾ ਸਾਡੀ ਦਿੱਲੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਪੂਰੀ ਟੀਮ ਨੂੰ ਧਮਕਾ ਰਹੀ ਹੈ। ਕੇਂਦਰ ਸਰਕਾਰ ਦਾ ਅਜਿਹਾ ਵਿਵਹਾਰ ਬਿਲਕੁਲ ਬਰਦਾਸ਼ਤ ਕਰਨ ਯੋਗ ਨਹੀਂ ਹੈ।


ਅੱਜ ਏਬੀਪੀ ਨਿਊਜ਼ ਦੇ ਸਪੈਸ਼ਲ ਪ੍ਰੋਗਰਾਮ ਮੁਕਦੀ ਗੱਲ ਵਿੱਚ ਮਨਜਿੰਦਰ ਸਿਰਸਾ ਨੇ ਕਿਹਾ,"ਮੈਂ ਸਿੱਖ ਮਸਲਿਆਂ ਦੇ ਹੱਲ ਲਈ BJP 'ਚ ਗਿਆ ਹਾਂ।ਮੈਂ ਕਿਸੇ ਤੋਂ ਡਰ ਕੇ BJP ਨਹੀਂ ਚੁਣੀ।"


ਸੁਖਬੀਰ ਬਾਦਲ ਬਾਰੇ ਬੋਲਦੇ ਹੋਏ ਸਿਰਸਾ ਨੇ ਕਿਹਾ, "ਸੁਖਬੀਰ ਬਾਦਲ ਨਾਲ ਮੇਰੇ ਬਹੁਤ ਵਧੀਆ ਰਿਸ਼ਤੇ ਹਨ।ਪਰ ਹੁਣ ਅਕਾਲੀ ਦਲ ਏਜੰਡਿਆਂ ਤੋਂ ਦੂਰ ਹੋਇਆ ਹੈ।ਸ਼੍ਰੋਮਣੀ ਅਕਾਲੀ ਦਲ ਦੇ ਹੁਣ ਏਜੰਡੇ ਬਦਲੇ ਹਨ।ਅਕਾਲੀ ਦਲ ਪੰਜਾਬ ਦੀ ਸੱਤਾ ਤੱਕ ਸੀਮਿਤ ਹੋ ਗਿਆ ਹੈ।"


ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਬੀਜੇਪੀ ਨੇ ਦਿੱਲੀ ਕਮੇਟੀ ਦੇ 11 ਮੈਂਬਰਾਂ 'ਤੇ ਗਲਤ ਤਰੀਕੇ ਨਾਲ ਕੇਸ ਦਰਜ ਕਰਕੇ ਦਬਾਅ ਪਾਇਆ ਹੈ।


ਉਨ੍ਹਾਂ ਕਿਹਾ ਹੈ ਕਿ ਮਨਜਿੰਦਰ ਸਿਰਸਾ ਦੇ ਸਾਹਮਣੇ ਜੇਲ੍ਹ ਜਾਣ ਜਾਂ ਭਾਜਪਾ 'ਚ ਸ਼ਾਮਲ ਹੋਣ ਦੀ ਤਜਵੀਜ਼ ਸੀ ਤੇ ਸਿਰਸਾ ਨੇ ਜੇਲ੍ਹ ਜਾਣ ਦੀ ਬਜਾਏ ਭਾਜਪਾ 'ਚ ਜਾਣਾ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਜਦੋਂ ਮੁਗਲ ਸਾਮਰਾਜ ਸੀ, ਉਦੋਂ ਵੀ ਸਿੱਖਾਂ ਅੱਗੇ ਅਜਿਹੀਆਂ ਤਜਵੀਜ਼ਾਂ ਰੱਖੀਆਂ ਗਈਆਂ ਸਨ ਕਿ ਧਰਮ ਜਾਂ ਜੀਵਨ ਵਿੱਚੋਂ ਇੱਕ ਦੀ ਚੋਣ ਕਰਨੀ ਹੈ ਤੇ ਅੱਜ ਵੀ ਅਜਿਹਾ ਹੀ ਹੋਇਆ ਹੈ।


ਸਿਰਸਾ ਨੇ ਕਿਹਾ ਕਿ, "ਜਥੇਦਾਰ ਨੂੰ ਰਾਜਨੀਤਿਕ ਬੰਦਿਆਂ 'ਤੇ ਬਿਆਨ ਨਹੀਂ ਦੇਣੇ ਚਾਹੀਦੇ।ਜਥੇਦਾਰ ਸਾਹਿਬ ਦਾ ਸਨਮਾਣ ਕਰਦਾ ਹਾਂ, ਉਨ੍ਹਾਂ ਦਾ ਕੱਦ ਬਹੁਤ ਉੱਚਾ ਹੈ।"


ਮਨਜਿੰਦਰ ਸਿਰਸਾ ਨੇ ਅਕਾਲੀ-ਭਾਜਪਾ ਦੇ ਮੁੜ ਗੱਠਜੋੜ ਦੇ ਗੱਲ ਕਰਦੇ ਹੋਏ ਕਿਹਾ, "BJP-ਅਕਾਲੀ ਦਲ ਦਾ ਗੱਠਜੋੜ ਹਾਲਾਤਾਂ 'ਤੇ ਨਿਰਭਰ ਕਰਦਾ ਹੈ।ਪੰਜਾਬ ਨੂੰ BJP ਹੀ ਫਿੱਟ ਬੈਠਦੀ ਹੈ।" ਕੰਗਨਾ ਬਾਰੇ ਬੋਲਦਿਆਂ ਸਿਰਸਾ ਨੇ ਕਿਹਾ, "ਕੰਗਨਾ ਰਣੌਤ ਨੇ ਸਿੱਖਾਂ ਦੀ ਖ਼ਿਲਾਫ਼ਤ ਕੀਤੀ ਹੈ।ਕੰਗਨਾ ਰਣੌਤ ਦਾ ਵਿਰੋਧ ਜਾਰੀ ਰੱਖਾਂਗਾ।"