ਚੰਡੀਗੜ੍ਹ: ਪਾਰਟੀ ਵਿੱਚੋਂ ਕੱਢਣ ਮਗਰੋਂ ਮਨਜੀਤ ਸਿੰਘ ਜੀਕੇ ਨੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਘਰ ਦੇ ਭੇਤੀ ਜੀਕੇ ਹੁਣ ਕਈ ਵੱਡੇ ਖੁਲਾਸੇ ਕਰ ਰਹੇ ਹਨ ਜਿਸ ਨਾਲ ਅਕਾਲੀ ਦਲ ਦੀ ਲੰਕਾ ਨੂੰ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਜੀਕੇ ਨੇ ਬੇਅਦਬੀ ਦੇ ਮਾਮਲੇ ’ਚ ਐਸਆਈਟੀ ਦੀ ਚਾਰਜਸ਼ੀਟ ਵਿੱਚ ਬਾਦਲਾਂ ਦਾ ਨਾਂ ਆਉਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗਿਆ ਹੈ।


ਜੀਕੇ ਨੇ ਵੀਰਵਾਰ ਨੂੰ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਈ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਸੁਖਬੀਰ ਬਾਦਲ ਦੇ ਕਰੀਬੀ ਲੀਡਰਾਂ ਮਨਜਿੰਦਰ ਸਿੰਘ ਸਿਰਸਾ ਤੇ ਅਵਤਾਰ ਸਿੰਘ ਹਿੱਤ ’ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਹਰੀ ਨਗਰ ਸਕੂਲ ਤੋਂ ਹਿੱਤ ਦਾ ਗ਼ੈਰਕਾਨੂੰਨੀ ਕਬਜ਼ਾ ਹਟਵਾਇਆ ਸੀ। ਇਸ ਦੇ ਬਾਵਜੂਦ ਸਕੂਲ ਛੱਡਣ ਬਦਲੇ ਹਿੱਤ ਨੇ ਕਮੇਟੀ ਵੱਲੋਂ ਕਥਿਤ ਲੱਖਾਂ ਰੁਪਏ ਵਸੂਲੀ ਕਰਨ ਬਾਅਦ ਸਕੂਲ ਛੱਡਿਆ ਸੀ। ਉਨ੍ਹਾਂ ਕਿਹਾ ਕਿ 1 ਲੱਖ ਕੈਨੇਡੀਅਨ ਡਾਲਰ (51 ਲੱਖ ਰੁਪਏ) ਕਮੇਟੀ ਦੇ ਐਕਸਿਸ ਬੈਂਕ ਦੇ ਖਾਤੇ ’ਚ ਕ੍ਰੈਡਿਟ ਹੋਏ ਸਨ। ਇਸ ਦੇ ਨਾਲ ਹੀ 51 ਲੱਖ ਰੁਪਏ ਟਕਸਾਲ ਨੂੰ ਦਿੱਤੇ ਗਏ ਸਨ, ਜਿਸ ਦੀ ਪ੍ਰਾਪਤੀ ਦੀ ਗਵਾਹੀ ਟਕਸਾਲ ਮੁਖੀ ਨੇ ਕੋਰਟ ’ਚ ਦਿੱਤੀ ਹੈ।

ਜੀਕੇ ਨੇ ਹਿੱਤ, ਕੁਲਵੰਤ ਸਿੰਘ ਬਾਠ, ਹਰਵਿੰਦਰ ਸਿੰਘ ਕੇਪੀ ਤੇ ਹੋਰਾਂ ਦੀ ਅਮਰੀਕਾ, ਯੂਕੇ ਯਾਤਰਾ ਦੀ ਟਿਕਟ ਤੇ ਹੋਟਲ ’ਚ ਰਹਿਣ ਦਾ ਖਰਚ ਕਮੇਟੀ ਵੱਲੋਂ ਕੀਤੇ ਜਾਣ ਦਾ ਦਾਅਵਾ ਕੀਤਾ। ਉਨ੍ਹਾਂ ਸਿਰਸਾ, ਹਿੱਤ ਤੇ ਰਣਜੀਤ ਕੌਰ ਦੇ ਭ੍ਰਿਸ਼ਟਾਚਾਰ ’ਤੇ ਕੋਰ ਕਮੇਟੀ ਦੇ ਚੁੱਪ ਰਹਿਣ 'ਤੇ ਵੀ ਸਵਾਲ ਚੁੱਕੇ। ਜੀਕੇ ਨੇ ਇੱਕ ਅਖ਼ਬਾਰ ਨੂੰ ਦਿੱਲੀ ’ਚ ਬਿਨਾਂ ਸਰਕੁਲੇਸ਼ਨ ਦੇ ਲੱਖਾਂ ਰੁਪਏ ਦੇ ਦਿੱਤੇ ਗਏ ਇਸ਼ਤਿਹਾਰਾਂ ’ਤੇ ਸਿਰਸਾ ਕੋਲੋਂ ਜਵਾਬ ਮੰਗਿਆ ਹੈ।

ਇਸ ਦੇ ਨਾਲ ਹੀ ਸਿਰਸਾ ਦੇ ਪੀਏ ਦੇ ਨਾਮ ਚੜ੍ਹੇ 38 ਲੱਖ ਰੁਪਏ ਦੀ ਨਕਦੀ ਦੇ ਦਸਤਾਵੇਜ਼ ਵੀ ਦਿਖਾਏ ਤੇ ਸਿਰਫ ਰਾਜੌਰੀ ਗਾਰਡਨ ਵਿਧਾਨ ਸਭਾ ਦੇ ਲੋਕਾਂ ਨੂੰ 28 ਲੱਖ ਰੁਪਏ ਦੀ ਫਿਲਮ ਦਿਖਾਉਣ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਕਾਲਕਾ ਨੇ ਜੀਟੀਆਈਬੀਟੀ ’ਚ ਫਰਜ਼ੀ ਉਸਾਰੀ ਦੇ ਬਿੱਲਾਂ, 80 ਲੱਖ ਦੀਆਂ ਪੌੜੀਆਂ ਤੇ 15 ਲੱਖ ਦੇ ਫੁਹਾਰੇ ਦਾ ਹਿਸਾਬ ਪੁੱਛਿਆ ਸੀ।

ਉਧਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ‘ਜਿਹੜੇ 38 ਲੱਖ ਰੁਪਏ ਦੀ ਗੱਲ ਮੇਰੇ ਪੀਏ ਰਾਹੀਂ ਖਰਚ ਹੋਣ ਦੀ ਕੀਤੀ ਜਾ ਰਹੀ ਹੈ, ਉਹ ਸਾਰਾ ਪੈਸਾ ਮਨਜੀਤ ਸਿੰਘ ਜੀਕੇ ਦੀ ਪ੍ਰਵਾਨਗੀ ਤੇ ਦਸਤਖ਼ਤਾਂ ਨਾਲ ਉਤਰਾਖੰਡ ਦੇ ਹੜ੍ਹ ਪੀੜ੍ਹਤਾਂ ਲਈ ਭੇਜਿਆ ਗਿਆ, ਜਦਕਿ ਮੈਂ ਉਸ ਸਮੇਂ ਵਿਦੇਸ਼ ਵਿੱਚ ਸੀ।’ ਉਨ੍ਹਾਂ ਕਿਹਾ ਕਿ ਦੂਜਾ ਦੋਸ਼ ਜੀਕੇ ਵੱਲੋਂ ਫ਼ਿਲਮ ਦਿਖਾਉਣ ਦਾ ਲਾਇਆ ਜਾ ਰਿਹਾ ਹੈ। ਇਹ ਫ਼ਿਲਮ ਬੰਦਾ ਸਿੰਘ ਬਹਾਦਰ ਦੀ ਜੀਵਨੀ ’ਤੇ ਆਧਾਰਤ ਸੀ, ਜੋ ਸਕੂਲਾਂ ਦੇ ਬੱਚਿਆਂ ਨੂੰ ਦਿਖਾਈ ਗਈ।

ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਜੀਕੇ ਵੱਲੋਂ ਲਾਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਉਪਰ ਲੱਗੇ 51 ਲੱਖ ਰੁਪਏ ਦੀ ਕਥਿਤ ਹੇਰਾਫੇਰੀ ਦੇ ਦੋਸ਼ਾਂ ਬਾਰੇ ਸੰਗਤ ਨੂੰ ਦੱਸਣਾ ਚਾਹੀਦਾ ਸੀ ਪਰ ਉਨ੍ਹਾਂ ਅਦਾਲਤੀ ਹਵਾਲਾ ਦੇ ਕੇ ਟਾਲਾ ਵਟ ਲਿਆ। ਹਿੱਤ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਤਹਿਤ ਪ੍ਰਧਾਨ ਵਜੋਂ ਜੀਕੇ ਨੇ ਆਪਣੀ ਧੀ ਤੇ ਜਵਾਈ ਦੀ ਬੰਦ ਪਈ ਕੰਪਨੀ ਨੂੰ ਜੋ ਰਕਮ ਦਿੱਤੀ, ਉਸ ਬਾਰੇ ਵੀ ਦੱਸਣ।