Punjab Politics: ਪੰਥਕ ਪਾਰਟੀ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਪਾਰਟੀ ਨੂੰ ਨਵਾਂ ਝਟਕਾ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਨੇ ਦਿੱਤਾ ਹੈ। ਮਨਜੀਤ ਸਿੰਘ ਨੇ ਪਾਰਟੀ ਛੱਡਣ ਸਾਰ ਕਿਹਾ ਕਿ ਉਹ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਗੇ।
ਮਨਜੀਤ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੇਰਾ ਬਾਦਲ ਪਰਿਵਾਰ ਤੋਂ ਅਸਤੀਫ਼ਾ। ਭਾਈ ਅਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ ਅਤੇ ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਹਿਮਾਇਤ ਦਾ ਐਲਾਨ, ਹਾਲਾਂਕਿ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੇਂਬਰ ਬਣੇ ਰਹਿਣਗੇ ਪਰ ਅਦਾਲੀ ਦਲ ਤੋਂ ਅਸਤੀਫ਼ਾ ਦੇ ਰਹੇ ਹਨ।
ਮਨਜੀਤ ਸਿੰਘ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ, ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਪਰ ਹੁਣ ਅਕਾਲੀ ਦਲ ਖਾਲੀ ਦਲ ਬਣ ਕੇ ਰਹਿ ਗਿਆ ਹੈ, ਅਕਾਲੀ ਦਲ ਵਿੱਚੋਂ ਅਸਲੀ ਰੂਹ ਖ਼ਤਮ ਹੋ ਗਈ ਹੈ ਹੁਣ ਤਾਂ ਸਿਰਫ਼ ਦਿਖਾਵਾ ਰਹਿ ਗਿਆ, ਹੁਣ ਝੋਲੀ ਝੁੱਕ ਲੋਕਾਂ ਨੇ ਪਰਿਵਾਰ ਦੇ ਦੁਆਲੇ ਘੇਰਾ ਘੱਤ ਕੇ ਬੈਠ ਗਏ। ਜਿਹੜਾ ਵੀ ਸੱਚ ਬੋਲਦਾ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਜਾਂਦਾ ਹੈ। ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਮੈਂ ਤੇ ਪੰਥਕ ਸੋਚ ਰੱਖਣ ਵਾਲੇ ਲੀਡਰਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਬਦਲਣੀ ਚਾਹੀਦੀ ਹੈ, ਉਸ ਤੋਂ ਬਾਅਦ ਉਹ ਪੰਥਕ ਸੋਚ ਰੱਖਣ ਵਾਲੇ ਲੀਡਰਾਂ ਨਾਲ ਖਾਰ ਖਾਣ ਲੱਗ ਗਏ।
ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਨਾਂ ਤਾਂ ਕਿਸੇ ਪੰਥਕ ਚਿਹਰੇ ਦੀ ਲੋੜ ਰਹਿ ਗਈ ਤੇ ਨਹੀਂ ਹੀ ਕਿਸੇ ਸ਼ਹੀਦੀ ਵਾਲੇ ਪਰਿਵਾਰ ਦੀ ਲੋੜ ਰਹਿ ਗਈ, ਹੁਣ ਅਕਾਲੀ ਦਲ ਪੰਥਕ ਸਿਧਾਤਾਂ ਤੋਂ ਥਿੜਕ ਗਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਮਾਪਦੰਡ ਪੈਸਿਆਂ ਨਾਲ ਤੋਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਮਾੜੀ ਹੈ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜੀ ਹੈ ਪਰ ਵੱਡੇ ਪਰਿਵਾਰ ਨੇ ਇਸ ਨੂੰ ਹਾਈਜੈਕ ਕਰ ਲਿਆ ਹੈ।
ਜ਼ਿਕਰ ਕਰ ਦਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਭਾਈ ਮਨਜੀਤ ਸਿੰਘ ਬਾਗ਼ੀ ਤੇਵਰ ਵਿਖਾ ਚੁੱਕੇ ਹਨ। ਡੇਢ ਸਾਲ ਪਹਿਲਾਂ ਜਦੋਂ ਬੀਬੀ ਜਗੀਰ ਕੌਰ ਨੇ ਬਗ਼ਾਵਤ ਕਰਕੇ SGPC ਦੇ ਪ੍ਰਧਾਨ ਦੀ ਚੋਣ ਲੜੀ ਸੀ ਤਾਂ ਵੀ ਭਾਈ ਮਨਜੀਤ ਸਿੰਘ ਨੇ ਬਗ਼ਾਵਤ ਕੀਤੀ ਸੀ ਪਰ ਉਸ ਵੇਲੇ ਉਹ ਪਾਰਟੀ ਨਾਲ ਹੀ ਰਹੇ। ਦੱਸ ਦਈਏ ਕਿ ਖਡੂਰ ਸਾਹਿਬ ਸੀਟ ’ਤੇ ਅਕਾਲੀ ਦਲ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਸ਼ਨਿੱਚਰਵਾਰ ਨੂੰ ਆਪਣੇ ਜੀਜੇ ਅਤੇ ਪੱਟੀ ਤੋਂ ਤਿੰਨ ਵਾਰ ਦੇ ਵਿਧਾਇਕ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ।