Sidhu Moosewala Death: ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਨੂੰ ਅੱਜ ਤਿੰਨ ਦਿਨ ਹੋ ਗਏ ਹਨ। 29 ਮਈ ਦੀ ਸ਼ਾਮ ਨੂੰ ਪੰਜਾਬ ਦੇ ਮਾਨਸਾ 'ਚ ਮੂਸੇਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਸਿੱਧੂ ਦੀ ਮੌਤ ਤੋਂ ਬਾਅਦ ਦੇਸ਼ ਭਰ 'ਚ ਸੋਗ ਦੀ ਲਹਿਰ ਫੈਲ ਗਈ ਹੈ। ਹਰ ਪਾਸੇ ਇੱਕੋ ਗੱਲ ਦੀ ਮੰਗ ਹੋਣ ਲੱਗੀ ਕਿ ਸਿੱਧੂ ਦੇ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ।
ਇਸ ਦੌਰਾਨ ਸਿੱਧੂ ਦੇ ਕਤਲ ਦਾ ਕਨੈਕਸ਼ਨ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਨਾਲ ਜੁੜਨ ਲੱਗਾ। ਅਜਿਹੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਸਨ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਸਿੱਧੂ ਦੇ ਕਤਲ 'ਚ ਮਨਕੀਰਤ ਦਾ ਮੈਨੇਜਰ ਸ਼ਾਮਲ ਹੈ। ਇਸ ਤੋਂ ਬਾਅਦ ਹੁਣ ਮਨਕੀਰਤ ਔਲਖ ਨੇ ਖੁਦ ਇਸ ਮਾਮਲੇ 'ਚ ਸਪੱਸ਼ਟੀਕਰਨ ਦਿੱਤਾ ਹੈ।
'ਬਕਵਾਸ ਕਿਉਂ ਲਿਖ ਰਹੇ ਹੋ'
ਮਨਕੀਰਤ ਔਲਖ ਨੇ ਕਿਹਾ, "ਬਹੁਤ ਦੁੱਖ ਦੀ ਗੱਲ ਹੈ ਕਿ ਮੇਰਾ ਭਰਾ ਸਿੱਧੂ ਮੂਸੇਵਾਲਾ ਅੱਜ ਸਾਡੇ 'ਚ ਨਹੀਂ ਹੈ। ਇੱਕ ਮਾਤਾ-ਪਿਤਾ ਲਈ ਆਪਣੇ ਪੁੱਤਰ ਦੀ ਮੌਤ ਬਹੁਤ ਦੁਖਦਾਈ ਹੈ। ਉਹ ਸਾਡੀ ਇੰਡਸਟਰੀ ਦਾ ਮਾਣ ਸੀ। ਮੈਂ ਤੁਹਾਡੇ ਨਾਲ ਲਾਈਵ ਹੋਇਆ ਹਾਂ ਕਿਉਂਕਿ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਸੀ। ਮੈਂ ਮੀਡੀਆ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਚੰਗਾ ਨਹੀਂ ਛਾਪ ਸਕਦੇ ਤਾਂ ਮਾੜਾ ਵੀ ਨਾ ਛਾਪੋ। ਮੇਰੇ ਬਾਰੇ ਇਹ ਛਪਿਆ ਹੈ ਕਿ ਮਨਕੀਰਤ ਦਾ ਮੈਨੇਜਰ ਸੀ। ਕਿਸ ਦਾ ਮੈਨੇਜਰ? ਤੁਸੀਂ ਇਹ ਬੇਕਾਰ ਗੱਲਾਂ ਕਿਉਂ ਲਿਖ ਰਹੇ ਹੋ? ਮੈਨੂੰ ਡਰ ਨਹੀਂ ਹੈ ਕਿ ਕੋਈ ਮੈਨੂੰ ਮਾਰ ਦੇਵੇਗਾ, ਜੋ ਮਰਜ਼ੀ ਕਰ ਲਓ।"
ਮਨਕੀਰਤ ਔਲਖ ਨੇ ਅੱਗੇ ਕਿਹਾ, "ਅੱਜ ਪੂਰਾ ਪੰਜਾਬ ਸਦਮੇ 'ਚ ਹੈ। ਇੱਥੇ ਤੁਸੀਂ ਮੇਰੇ ਬਾਰੇ ਅਜਿਹੀਆਂ ਗੱਲਾਂ ਛਾਪ ਰਹੇ ਹੋ। ਪਹਿਲਾਂ ਤੁਹਾਨੂੰ ਇਹ ਤਸਦੀਕ ਕਰਨਾ ਚਾਹੀਦਾ ਹੈ ਕਿ ਮੈਨੇਜਰ ਕੌਣ ਹੈ ਅਤੇ ਕਿਸ ਦਾ ਮੈਨੇਜਰ? ਅਜਿਹਾ ਨਾ ਕਰੋ, ਮੈਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਿਹਾ ਹਾਂ। ਬਹੁਤ ਕੁਝ ਲਿਖਿਆ ਗਿਆ ਮੇਰੇ ਬਾਰੇ, ਮੈਂ ਕਦੇ ਜਵਾਬ ਨਹੀਂ ਦਿੱਤਾ, ਪਰ ਅੱਜ ਮੈਂ ਖੁਦ ਨੂੰ ਨਾ ਰੋਕ ਸਕਿਆ। ਕਿਸੇ ਦਾ ਪੁੱਤ ਮਰ ਗਿਆ ਹੈ ਅਤੇ ਤੁਸੀਂ ਉਸ ਨਾਲ ਗਲਤ ਗੱਲਾਂ ਕਰ ਰਹੇ ਹੋ। ਮੈਂ ਜੋ ਵੀ ਹਾਂ, ਆਪਣੀ ਮਿਹਨਤ ਦੀ ਬਦੌਲਤ ਹਾਂ।"
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ (Lawrence Bishnoi) ਮਨਕੀਰਤ ਔਲਖ ਦਾ ਖ਼ਾਸ ਹੈ। ਹੁਣ ਇਸ ਦਾਅਵੇ 'ਚ ਕਿੰਨੀ ਸੱਚਾਈ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਇੰਨਾ ਸਾਫ਼ ਹੈ ਕਿ ਸਿੱਧੂ ਦੀ ਮੌਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ (Punjabi Music Industry) 'ਚ ਹਲਚਲ ਮਚ ਗਈ ਹੈ। ਇਸ ਦੇ ਨਾਲ ਹੀ ਮਨਕੀਰਤ ਨੇ ਵੀ ਆਪਣਾ ਪੱਖ ਸਾਰਿਆਂ ਦੇ ਸਾਹਮਣੇ ਰੱਖਿਆ ਹੈ।