Punjab News: ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ 'ਸਿੱਖਿਆ ਕ੍ਰਾਂਤੀ' ਯੋਜਨਾ ਤਹਿਤ ਸਕੂਲਾਂ ਵਿੱਚ ਪਖਾਨਿਆਂ ਦੀ ਮੁਰੰਮਤ ਵਰਗੇ ਛੋਟੇ ਕੰਮਾਂ ਲਈ ਵੀ ਉਦਘਾਟਨੀ ਪੱਥਰ ਲਗਾਉਣ ਦੇ ਫੈਸਲੇ ਨੂੰ ਵਿਰੋਧੀ ਧਿਰਾਂ ਨੇ ਤਾਂ ਜੰਮ ਕੇ ਕੋਸਿਆ ਹੈ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਮੀਮਜ਼ ਦੀ ਝੜੀ ਲੱਗ ਗਈ ਜਿਸ ਤੋਂ ਬਾਅਦ ਹੁਣ ਸਰਕਾਰ ਨੇ ਇਸ ਤੋਂ ਯੂਟਰਨ ਲਿਆ ਹੈ।

ਦੱਸ ਦਈਏ ਕਿ ਆਪ ਸਰਕਾਰ ਦੀ ਸਕੂਲਾਂ ਵਿੱਚ ਚੱਲ ਰਹੀ ਉਦਘਾਟਨ ਕ੍ਰਾਂਤੀ ਨੂੰ ਵਿਰੋਧੀਆਂ ਵਲੋਂ ਨਿਸ਼ਾਨੇ ਉੱਤੇ ਲਏ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਅੱਜ ਤੋਂ ਸਕੂਲ ਪਖਾਨਿਆਂ ਦੇ ਉਦਘਾਟਨ ਪੱਥਰ ਰੱਖਣ ’ਤੇ ਰੋਕ ਲਗਾ ਦਿੱਤੀ ਹੈ। ਸਿੱਖਿਆ ਵਿਭਾਗ ਵੱਲੋਂ ਅੱਜ ਤੜਕਸਾਰ ਇਕ ਟਵੀਟ ਕਰਕੇ ਸਕੂਲ ਮੁਖੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਵਿਚ ਲਿਖਿਆ ਗਿਆ ਹੈ ਕਿ ਸਕੂਲਾਂ ਵਿੱਚ ਅੱਜ ਹੋਣ ਵਾਲੇ ਬਾਕੀ ਈਵੈਂਟ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ, ਪਰ ਸਕੂਲਾਂ ਵਿੱਚ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨੀ ਪੱਥਰ ਨਹੀਂ ਲਗਾਏ ਜਾਣਗੇ।

ਇਸ ਨੂੰ ਲੈ ਕੇ ਹੁਣ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸਾਨੂੰ ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਪੰਜਾਬ ਅਤੇ ਕੇਜਰੀਵਾਲ ਗੈਂਗ ਦੁਆਰਾ ਕੀਤੇ ਗਏ ਅਜਿਹੇ ਮੂਰਖਤਾਪੂਰਨ ਕੰਮਾਂ ਨੂੰ ਹੋਰ ਉਜਾਗਰ ਕਰਨ ਦੀ ਲੋੜ ਹੈ। ਇਹੀ ਸਾਡੇ ਪੰਜਾਬ ਨੂੰ ਕੇਜਰੀਵਾਲ ਪ੍ਰਚਾਰ ਲਈ ਸਰਕਾਰੀ ਫੰਡ ਲੁੱਟਣ ਦੇ 'ਆਪ' ਦੇ ਜਨੂੰਨ ਤੋਂ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ।

ਜ਼ਿਕਰ ਕਰ ਦਈਏ ਕਿ ਪਹਿਲਾਂ ਉਦਘਾਟਨੀ ਪੱਥਰ ਦੇਖਕੇ ਲੋਕਾਂ ਨੇ ਜੰਮ ਕੇ ਆਪ ਸਰਕਾਰ ਨੂੰ ਕੋਸਿਆ ਤੇ ਮਜ਼ਾਕ ਉਡਾਇਆ, ਇੱਥੋਂ ਤੱਕ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਦੱਸਿਆ ਹੈ।

ਸੋਸ਼ਲ ਮੀਡੀਆ ਉੱਤੇ ਲੋਕ ਲਿਖ ਰਹੇ ਹਨ ਕਿ ਹਰਜੋਤ ਸਿੰਘ ਬੈਂਸ ਸੱਚਮੁੱਚ 'ਪੰਜਾਬ ਦਾ ਟਾਇਲਟ ਕਿੰਗ' ਬਣਨ ਦੀ ਦੌੜ ਵਿੱਚ ਹੈ। " ਲੋਕ ਇਹ ਵੀ ਯਾਦ ਦਿਵਾ ਰਹੇ ਹਨ ਕਿ ਜਦੋਂ ਭਗਵੰਤ ਮਾਨ ਸਿਰਫ਼ ਇੱਕ ਸੰਸਦ ਮੈਂਬਰ ਸਨ ਤਾਂ ਅਜਿਹੀਆਂ ਤਖ਼ਤੀਆਂ ਲਗਾਉਣ ਦਾ ਵਿਰੋਧ ਕੀਤਾ ਜਾ ਜਾਂਦਾ ਸੀ ਪਰ ਹੁਣ ਬਦਲਾਅ ਵਾਲੀ ਸਰਕਾਰ ਨੇ ਕੋਈ ਵੀ ਕਸਰ ਨਹੀਂ ਛੱਡੀ ਹੈ।