Punjab News: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁੱਖ ਬੁਲਾਰੇ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੀਤੇ ਦਿਨੀਂ ਲਹਿਰਾਗਾਗਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਸ ਬਾਇਓ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਉਹ ਪਲਾਂਟ ਇੱਕ ਸਾਲ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਕੇ ਆਪਣੀ ਫੋਕੀ ਸ਼ੋਹਰਤ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।
ਉਨ੍ਹਾਂ ਦੱਸਿਆਂ ਕਿ ਇਹ ਪਲਾਂਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਾਲ 2016 ਵਿੱਚ ਮਨੂਜਰ ਕੀਤਾ ਗਿਆ ਸੀ, ਜਿਸਦੇ ਬਾਅਦ ਸਾਲ 2020 ਵਿੱਚ ਤਿਆਰ ਹੋਣ ਤੋਂ ਬਾਅਦ 2021 ਵਿੱਚ ਬਾਇਓ ਪਲਾਂਟ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਆਖਿਆ ਕਿ ਇਹ ਪਲਾਂਟ ਤਾਂ ਪਹਿਲਾਂ ਹੀ ਚਲ ਰਿਹਾ ਹੈ ਪਰ ਮੈਨੂੰ ਹੈਰਾਨੀ ਹੈ ਕਿ ਜਿਹੜੀ ਚੀਜ਼ ਬਣਦੀ ਨੂੰ 5-6 ਸਾਲ ਹੋ ਗਏ ਤੇ ਚਲਦੀ ਨੂੰ ਇੱਕ ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ। ਉਸਦਾ ਮੁੱਖ ਮੰਤਰੀ ਵੱਲੋਂ ਹੁਣ ਉਦਘਾਟਨ ਕਰਨ ਦਾ ਕੀ ਮਕਸਦ ਹੈ?
ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਰ੍ਹਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਕੋਈ ਪਹਿਲਾਂ ਮੌਕਾ ਨਹੀਂ ਹੈ ਜਦੋਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ,ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਬੀਐੱਮਡਬਲਿਊ ਗਰੁੱਪ ਵੱਲੋਂ ਪੰਜਾਬ ਵਿੱਚ ਵਾਧੂ ਨਿਰਮਾਣ ਕਾਰਜ ਸਥਾਪਤ ਕਰਨ ਦੇ ਝੂਠੇ ਦਾਅਵੇ ਕਰ ਚੁੱਕੇ ਹਨ, ਜਿਸ ਤੇ ਬੀਐੱਮਡਬਲਿਊ ਵੱਲੋਂ ਅਜਿਹੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਮਾਨ ਸਰਕਾਰ ਵੱਲੋਂ ਪਹਿਲਾਂ ਤੋਂ ਚੱਲ ਰਹੇ ਸਾਈਕਲ ਵੈਲੀ ਪ੍ਰੋਜੈਕਟ ਨੂੰ ਲਿਆਉਣ ਦਾ ਦਾਅਵਾ ਕੀਤਾ ਗਿਆ ਅਤੇ ਰਾਜਪੁਰਾ ਵਿੱਚ ਬਣੇ ਇੰਡਸਟਰੀਅਲ ਪਾਰਕ ਨੂੰ ਨਵਾਂ ਬਣਾਉਣ ਦਾ ਸਹਿਰਾ ਵੀ ਆਪਣੇ ਸਿਰ ਬੰਨ੍ਹਿਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦੇ ਕੀਤੇ ਕੰਮਾਂ ਦਾ ਸਹਿਰਾ ਆਪਣੇ ਸਿਰ ਬੰਨ ਕੇ ਮਾਨ ਸਰਕਾਰ ਝੂਠੀ ਵਾਹ-ਵਾਹੀ ਖੱਟਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਇਹ ਸੋਚ ਰਹੀ ਹੈ ਕਿ ਜੇਕਰ 100 ਝੂਠ ਬੋਲੀਏ ਤਾਂ ਸ਼ਾਇਦ 10 ਝੂਠ ਸਾਡੇ ਸੱਚ ਮਨ ਲਏ ਜਾਣਗੇ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਜਿਹਨਾਂ ਮੁਲਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਹੈ ਅਜੇ ਤੱਕ ਉਨ੍ਹਾਂ ਨੂੰ ਪੱਕਾ ਕਰਨ ਦੇ ਆਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 50 ਹਜ਼ਾਰ ਮੁਲਾਜਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ।
ਢੀਂਡਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਪੰਜਾਬ ਦਾ ਪੈਸਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਾਰਟੀ ਦੇ ਇਸ਼ਤਿਹਾਰਾਂ ਤੇ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਇੱਕ ਨਵਾਂ ਜਹਾਜ ਫਿਸਟ ਵਿੰਗ ਵੀ ਲੈਣ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਇਸ ਦੀ ਦੁਰਵਰਤੋਂ ਕਰ ਸਕਣ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਆਮ ਆਦਮੀ ਹੋਣ ਦਾ ਦਿਖਾਵਾ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸੁਰੱਖਿਆ ਵਿੱਚ ਪਹਿਲਾਂ ਤੋਂ ਵੀ ਜਿਆਦਾ ਵਾਧਾ ਕਰ ਲਿਆ ਹੈ। ਜਿੱਥੇ ਮੁੱਖ ਮੰਤਰੀ ਨਾਲ 33 ਸੁਰੱਖਿਆ ਕਰਮਚਾਰੀਆਂ ਦੀਆਂ ਗੱਡੀਆਂ ਹੁੰਦੀਆ ਸਨ ਉੱਥੇ ਹੀ ਹੁਣ ਇਹਨਾਂ ਗੱਡੀਆਂ ਦੀ ਗਿਣਤੀ 42 ਹੋ ਗਈ ਹੈ।