Punjab News: ਮਨਪ੍ਰੀਤ ਬਾਦਲ (Manpreet Badal) ਨੇ ਗਿੱਦੜਬਾਹਾ ਜ਼ਿਮਨੀ ਚੋਣ 'ਚ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕੀਤੀ ਹੈ। ਕਰੀਬ ਸਾਢੇ ਤਿੰਨ ਮਿੰਟ ਦੀ ਇਸ ਵੀਡੀਓ ਵਿੱਚ ਉਨ੍ਹਾਂ ਨੇ ਗਿੱਦੜਬਾਹਾ ਦੇ ਲੋਕਾਂ ਦਾ ਉਨ੍ਹਾਂ ਨੂੰ ਵੋਟ ਪਾਉਣ ਲਈ ਧੰਨਵਾਦ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਡਿੰਪੀ ਢਿੱਲੋਂ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਰਾਜਾ ਵੜਿੰਗ ਨੂੰ ਹੰਕਾਰੀ ਕਹਿ ਕੇ ਵਿਅੰਗ ਵੀ ਕੀਤਾ ਹੈ।


ਵੀਡੀਓ ਰਾਹੀਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਗਿੱਦੜਬਾਹਾ ਦੇ ਚੋਣ ਮੈਦਾਨ ਵਿੱਚ ਪੁਰਾਣੇ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਨ ਲਈ ਦੋ ਮਹੀਨੇ ਦਾ ਸਮਾਂ ਕਾਫੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਉਦੇਸ਼ ਗਿੱਦੜਬਾਹਾ ਦੇ ਲੋਕਾਂ ਨਾਲ ਸਾਰੀ ਉਮਰ ਜੁੜੇ ਰਹਿਣਾ ਹੈ ਤੇ 2027 ਵਿੱਚ ਭਾਜਪਾ ਦੀ ਸਰਕਾਰ ਬਣਾਉਣ ਦਾ ਵਾਅਦਾ ਕੀਤਾ।



ਮਨਪ੍ਰੀਤ ਨੇ ਰਾਜਾ ਵੜਿੰਗ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਹੈ। ਮਨਪ੍ਰੀਤ ਨੇ ਦੋਸ਼ ਲਾਇਆ ਕਿ ਵੜਿੰਗ ਨੇ ਬਿਆਨਾਂ ਰਾਹੀਂ ਆਪਣੀ ਸਿਆਸਤ ਚਮਕਾਈ ਪਰ ਗਿੱਦੜਬਾਹਾ ਦੇ ਲੋਕਾਂ ਲਈ ਕੁਝ ਵੀ ਠੋਸ ਨਹੀਂ ਕੀਤਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਰਾਜਾ ਵੜਿੰਗ ਦੀ ਦੌਲਤ ਵੀ ਉਨ੍ਹਾਂ ਨੂੰ ਹਾਰ ਤੋਂ ਨਹੀਂ ਬਚਾ ਸਕਦੀ। ਜਦੋਂ ਤੋਂ ਰਾਜਾ ਵੜਿੰਗ ਵਿਧਾਇਕ ਬਣੇ ਹਨ, ਉਨ੍ਹਾਂ ਦੇ ਸਿਰਫ਼ ਦੋ ਬਿਆਨ ਹੀ ਹਲਕੇ ਵਿੱਚ ਗੂੰਜ ਰਹੇ ਹਨ। ਪਹਿਲੀ ਗੱਲ ਮੈਂ ਇੱਕ ਗ਼ਰੀਬ ਪਰਿਵਾਰ ਤੋਂ ਹਾਂ ਤੇ ਦੂਜਾ, ਮੈਂ ਇੱਕ ਅਨਾਥ ਹਾਂ। ਕਾਸ਼ ਪੰਜਾਬ ਦੇ ਹਰ ਗ਼ਰੀਬ ਕੋਲ ਉਹ ਦੌਲਤ ਹੋਵੇ ਜੋ ਰਾਜਾ ਵੜਿੰਗ ਕੋਲ ਹੈ।



ਉਨ੍ਹਾਂ ਹਮੇਸ਼ਾ ਹੀ ਬਾਦਲ ਪਰਿਵਾਰ ਦੀ ਸਿਆਸੀ ਵਿਰਾਸਤ ਦੀ ਨਿਖੇਧੀ ਕੀਤੀ ਹੈ ਪਰ ਜਦੋਂ ਆਪਣੀ ਗੱਲ ਤਾਂ ਟਿਕਟ ਆਪਣੇ ਹੀ ਘਰ ਵਿੱਚ ਰੱਖਣੀ ਮੁਨਾਸਬ ਸਮਝੀ। ਆਪਣੀ ਸਿਆਸੀ ਵਿਰਾਸਤ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਗ਼ਲਤ ਹੀ ਲੱਗਦੀ ਹੈ। ਬਾਦਲ ਨੇ ਕਿਹਾ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇਸ ਵਾਰ ਉਸ ਨੂੰ ਵੋਟ ਨਹੀਂ ਦੇ ਸਕਦੇ, ਪਰ 2027 ਵਿੱਚ ਉਸ ਨੂੰ ਹੀ ਵੋਟ ਪਾਉਣਗੇ ਕਿਉਂਕਿ ਅਸੀਂ ਇਸ ਵਾਰ ਉਨ੍ਹਾਂ ਨੇ ਰਾਜਾ ਵੜਿੰਗ ਦੇ ਹੰਕਾਰ ਨੂੰ ਤੋੜਨਾ ਹੈ ਉਸ ਦੀ ਧੌਣ ਵਿੱਚੋਂ ਕਿੱਲ੍ਹਾ ਕੱਢਣਾ ਹੈ।



ਡਿੰਪੀ ਢਿੱਲੋਂ ਬਾਰੇ ਕੀ ਕਿਹਾ ?


ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਂ ਡਿੰਪੀ ਢਿੱਲੋਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ। 70 ਹਜ਼ਾਰ ਲੋਕਾਂ ਦਾ ਫੈਸਲਾ ਗ਼ਲਤ ਨਹੀਂ ਹੋ ਸਕਦਾ। ਮੈਂ ਆਪਣੇ ਛੋਟੇ ਭਰਾ ਨੂੰ ਸਲਾਹ ਦੇਣਾ ਚਾਹਾਂਗਾ ਕਿ ਉਹ ਇਸ ਜਿੱਤ ਨੂੰ ਇਨਾਮ ਨਾ ਸਮਝੇ ਸਗੋਂ ਇਸ ਨੂੰ ਇੱਕ ਇਮਤਿਹਾਨ ਸਮਝੇ।