ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਗੁਰਦਾਸਪੁਰ ਤੇ ਬਠਿੰਡਾ ਵਿੱਚ ਦੋ ਹੋਰ ਸੈਨਿਕ ਸਕੂਲ ਖੋਲ੍ਹਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬਠਿੰਡਾ ਵਿਖੇ ਬੱਸ ਟਰਮੀਨਲ ਸਥਾਪਤ ਕਰਨ ਲਈ ਰੱਖਿਆ ਮੰਤਰਾਲੇ ਤੋਂ ਐਨਓਸੀ ਸਰਟੀਫਿਕੇਟ ਵੀ ਮੰਗੇ। ਦੱਸ ਦੇਈਏ ਕਿ ਐਨਓਸੀ ਲਈ ਬੇਨਤੀ ਪਹਿਲਾਂ ਹੀ ਮੰਤਰਾਲੇ ਨੂੰ ਕੀਤੀ ਜਾ ਚੁੱਕੀ ਹੈ।



ਉਨ੍ਹਾਂ ਕਿਹਾ ਕਿ ਇਸ ਦੌਰਾਨ ਰੱਖਿਆ ਮੰਤਰੀ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਸਮਾਜਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਰਾਖੀ ਲਈ ਪੰਜਾਬੀਆਂ ਤੇ ਸਿੱਖਾਂ ਦੁਆਰਾ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਨਾਲ ਹੀ ਮਨਪ੍ਰੀਤ ਬਾਦਲ ਨੇ ਰਾਜਨਾਥ ਸਿੰਘ ਨੂੰ 'ਪੰਜਾਬ ਵਾਰ ਹੀਰੋਜ਼ ਮੈਮੋਰੀਅਲ' ਤੇ ਅੰਮ੍ਰਿਤਸਰ ਵਿਖੇ ਅਜਾਇਬ ਘਰ ਦੇਖਣ ਦਾ ਸੱਦਾ ਵੀ ਦਿੱਤਾ, ਜਿਸ ਨੂੰ ਕੈਪਟਨ ਸਰਕਾਰ ਨੇ 144 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਹੈ।




ਮਨਪ੍ਰੀਤ ਬਾਦਲ ਨੇ ਕਿਹਾ ਕਿ ਫੌਜੀ ਸਨਮਾਨਾਂ ਤੇ ਬਹਾਦਰੀ ਪੁਰਸਕਾਰਾਂ ਦੇ ਮਾਮਲੇ ਵਿੱਚ ਪੰਜਾਬ ਭਾਰਤ ਦਾ ਸਭ ਤੋਂ ਵੱਧ ਮਾਣ ਵਾਲਾ ਸੂਬਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਦੇ ਕਪੂਰਥਲਾ ਵਿੱਚ ਸਿਰਫ ਇੱਕ ਸੈਨਿਕ ਸਕੂਲ ਹੈ ਤੇ ਸੂਬਾ ਹੁਣ ਦੋ ਹੋਰ ਸੈਨਿਕ ਸਕੂਲ ਸਥਾਪਤ ਕਰਨ ਦੀ ਮੰਗ ਕਰ ਰਿਹਾ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਦੂਜੇ ਸੂਬਿਆਂ ਹਰਿਆਣਾ, ਬਿਹਾਰ ਤੇ ਮਹਾਰਾਸ਼ਟਰ ਵਿੱਚ ਦੋ ਸੈਨਿਕ ਸਕੂਲ ਹਨ, ਜਦੋਂਕਿ ਉੱਤਰ ਪ੍ਰਦੇਸ਼ ਵਿੱਚ ਤਿੰਨ ਸੈਨਿਕ ਸਕੂਲ ਹਨ।

ਇਸ ਦੌਰਾਨ ਕੇਂਦਰੀ ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਬਣਦੀ ਢੁਕਵੀਂ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਕੌਮੀ ਸੁਰੱਖਿਆ ਦੀ ਰੱਖਿਆ ਤੇ ਭਾਰਤ ਦੀਆਂ ਸਮਾਜਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਰੱਖਿਆ ਵਿੱਚ ਸਿੱਖ ਅਤੇ ਪੰਜਾਬੀਆਂ ਵੱਲੋਂ ਨਿਭਾਈ ਭੂਮਿਕਾਵਾਂ ਦੀ ਨਿੱਜੀ ਤੌਰ ‘ਤੇ ਕਦਰ ਕਰਦੇ ਹਨ।




ਪੰਜਾਬ ਦੇ ਵਿੱਤ ਮੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਰੱਖਿਆ ਮੰਤਰੀ ਨੂੰ ਇੱਕ ਪੱਤਰ ਵੀ ਪੇਸ਼ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਸੈਨਿਕ ਸਕੂਲ ਲਈ ਗੁਰਦਾਸਪੁਰ ਵਿੱਚ ਡੱਲਾ ਗੋਰੀਅਨ ਵਿਖੇ 40 ਏਕੜ ਜ਼ਮੀਨ ਅਲਾਟ ਕੀਤੀ ਹੈ ਹਾਲਾਂਕਿ, ਪੰਜਾਬ ਇੱਕ ਹੋਰ ਸੈਨਿਕ ਸਕੂਲ ਬਠਿੰਡਾ ਵਿੱਚ ਸਥਾਪਤ ਕੀਤਾ ਜਾਣ ਦੀ ਇੱਛਾ ਰੱਖਦਾ ਹੈ। ਇਸ ਤਰ੍ਹਾਂ ਪੰਜਾਬ ਦਾ ਦੋਆਬਾ, ਮਾਝਾ ਅਤੇ ਮਾਲਵਾ ਦੇ ਤਿੰਨ ਖੇਤਰ ਇੱਕ-ਇੱਕ ਸੈਨਿਕ ਸਕੂਲ ਦੀ ਮੇਜ਼ਬਾਨੀ ਕਰਨਗੇ।


ਇਹ ਵੀ ਪੜ੍ਹੋ: Keshav Datt Death: ਨਹੀਂ ਰਹੇ ਆਜ਼ਾਦ ਭਾਰਤ ਨੂੰ ਓਲੰਪਿਕ 'ਚ ਪਹਿਲਾ ਸੋਨ ਤਗਮਾ ਜਿਤਾਉਣ ਵਾਲੇ ਹਾਕੀ ਦੇ ਮਹਾਨ ਕਪਤਾਨ ਕੇਸ਼ਵ ਦੱਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904