ਚੰਡੀਗੜ੍ਹ: ਲੋਕ ਸਭਾ ਚੋਣਾਂ 'ਚ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੀ ਵਿਧਾਇਕਾਂ ਤੇ ਮੰਤਰੀਆਂ ਨੂੰ ਕੈਪਟਨ ਦੀ ਘੁਰਕੀ ਤੋਂ ਕਾਂਗਰਸੀ ਮੰਤਰੀ ਮਨਪ੍ਰੀਤ ਬਾਦਲ ਖੁਸ਼ ਹਨ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਦੀ ਇਸ ਚੇਤਾਵਨੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਜੇਕਰ ਹਾਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਵਿਧਾਇਕ ਤੇ ਕੈਬਨਿਟ ਮੰਤਰੀਆਂ 'ਤੇ ਹੀ ਆਉਣੀ ਚਾਹੀਦੀ ਹੈ।


ਵਿਰੋਧੀ ਬੇਸ਼ੱਕ ਕੈਪਟਨ ਦੇ ਫਰਮਾਨ ਦਾ ਵਿਰੋਧ ਕਰ ਰਹੇ ਹਨ ਪਰ ਕਾਂਗਰਸੀ ਲੀਡਰ ਇਸ ਨੂੰ ਚੰਗਾ ਮੰਨ ਰਹੇ ਹਨ। ਹਾਲਾਂਕਿ ਕੈਪਟਨ ਵੱਲੋਂ ਕੈਬਨਿਟ ਛੁਡਾਉਣ ਦੀ ਧਮਕੀ ਬਾਰੇ ਜਦੋਂ ਮਨਪ੍ਰੀਤ ਬਾਦਲ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਮਨਪ੍ਰੀਤ ਬਾਦਲ ਅੱਜ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਨਾਮਜ਼ਦਗੀ ਦਾਖਲ ਕਰਾਉਣ ਆਏ ਸੀ। ਉਨ੍ਹਾਂ ਨੇ ਬਠਿੰਡੇ ਸ਼ਹਿਰ ਵਿੱਚ ਰੋਡ ਸ਼ੋਅ ਕੀਤਾ।

ਯਾਦ ਰਹੇ ਕੁਝ ਕਾਂਗਰਸ ਲੀਡਰਾਂ ਵੱਲੋਂ ਚੋਣ ਸਰਗਰਮੀ ਸ਼ੁਰੂ ਨਾ ਕੀਤੇ ਜਾਣ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਮੰਤਰੀਆਂ ਦੀ ਕਾਰਗੁਜ਼ਾਰੀ ਆਪਣੇ ਹਲਕਿਆਂ ’ਚ ਪਾਰਟੀ ਦੇ ਮਿਆਰਾਂ ਅਨੁਸਾਰ ਨਾ ਹੋਈ ਤਾਂ ਉਨ੍ਹਾਂ ਦੀ ਵਜ਼ਾਰਤ ਵਿੱਚੋਂ ਛਾਂਟੀ ਕਰ ਦਿੱਤੀ ਜਾਵੇਗੀ ਤੇ ਵਿਧਾਇਕਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਤੋਂ ਹੱਥ ਧੋਣੇ ਪੈ ਸਕਦੇ ਹਨ। ਇਹੀ ਹੁਕਮ ਚੇਅਰਮੈਨਾਂ ਅਤੇ ਸੰਭਾਵੀ ਚੇਅਰਮੈਨਾਂ ਲਈ ਲਾਗੂ ਹੋਣਗੇ।