ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਫਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ ਕਰਨ ਦਾ ਪੰਜਾਬ ਸਰਕਾਰ ਨੇ ਸਵਾਗਤ ਕੀਤਾ ਹੈ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਚੰਗਾ ਕਦਮ ਹੈ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਏਜੰਟਾਂ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ 'ਤੇ ਬੁਰਾ ਅਸਰ ਪੈ ਰਿਹਾ ਹੈ। ਕਈ ਵਿਦੇਸ਼ੀ ਯੂਨੀਵਰਸਿਟੀਆਂ ਹਨ ਜਿਨ੍ਹਾਂ ਦਾ ਟਰੈਵਲ ਏਜੰਟਾਂ ਨਾਲ ਕਮਿਸ਼ਨ ਫਿਕਸ ਹੈ। ਉਹ ਫਰਜ਼ੀ ਏਜੰਟਾਂ ਰਾਹੀਂ ਵਿਦਿਆਰਥੀਆਂ ਨੂੰ ਬਾਹਰ ਭੇਜਦੇ ਹਨ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਬਿਊਰੋ ਸਥਾਪਤ ਕੀਤਾ ਜਾਵੇ। ਇਸ ਦੇ ਜ਼ਰੀਏ ਬਾਹਰਲੇ ਮੁਲਕਾਂ ਵਿੱਚ ਜਾਣਾ ਚਾਹੁੰਦੇ ਵਿਦਿਆਰਥੀ ਸਰਕਾਰੀ ਬਿਊਰੋ ਰਾਹੀਂ ਬਾਹਰ ਭੇਜੇ ਜਾਣਗੇ।

ਯਾਦ ਰਹੇ ਕੇਂਦਰ ਸਰਕਾਰ ਨੇ ਅੱਜ ਪੂਰੇ ਦੇਸ਼ ਦੇ ਅਨ-ਅਧਿਕਾਰਤ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ 'ਚ ਇਕੱਲੇ ਪੰਜਾਬ ਦੇ 76 ਟਰੈਵਲ ਏਜੰਟਾਂ ਦੇ ਨਾਂ ਸ਼ਾਮਲ ਹਨ। ਚੰਡੀਗੜ੍ਹ ਦੇ 22, ਹਰਿਆਣਾ ਦੇ 13 ਤੇ ਹਿਮਾਚਲ ਦਾ 1 ਟਰੈਵਲ ਏਜੰਟ ਤੇ ਰਾਜਧਾਨੀ ਦਿੱਲੀ ਦੇ 85 ਟਰੈਵਲ ਏਜੰਟ ਸ਼ਾਮਲ ਹਨ। ਇਹ ਸੂਚੀ ਸਰਕਾਰੀ ਵੈੱਬਸਾਈਟ emigrate.gov.in 'ਤੇ ਪਾ ਦਿੱਤੀ ਗਈ ਹੈ।