Manpreet Manu encounter: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ’ਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਮਨਪ੍ਰੀਤ ਸਿੰਘ ਮੰਨੂ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਥਾਣਾ ਬੱਧਨੀ ਕਲਾਂ ਦੇ ਪਿੰਡ ਕੁੱਸਾ ਦਾ ਰਹਿਣ ਵਾਲਾ ਸੀ। ਮਜ਼੍ਹਬੀ ਸਿੱਖ ਬਰਾਦਰੀ ਨਾਲ ਸਬੰਧਤ ਮੰਨੂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਰੀਬ 14 ਕੇਸ ਦਰਜ ਹਨ।



ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਮੰਨੂ ਜੇਲ੍ਹ ਜਾਣ ਤੋਂ ਪਹਿਲਾਂ ਬਹੁਤ ਹੀ ਸ਼ਰੀਫ ਨੌਜਵਾਨ ਸੀ, ਪਤਾ ਨਹੀਂ ਕਿਸ ਤਰ੍ਹਾਂ ਉਹ ਕੀ ਤੋਂ ਕੀ ਬਣ ਗਿਆ। ਸ਼ਾਰਪ ਸ਼ੂਟਰ ਵਜੋਂ ਮਸ਼ਹੂਰ ਹੋਇਆ ਮਨਪ੍ਰੀਤ ਸਿੰਘ ਮੰਨੂ ਲੱਕੜ ਦਾ ਵਧੀਆ ਕਾਰੀਗਰ ਸੀ ਤੇ ਉਸ ਦੀ ਆਪਣੇ ਦੋ ਭਰਾਵਾਂ ਗੁਰਪ੍ਰੀਤ ਗੋਰਾ ਤੇ ਸ਼ਮਸ਼ੇਰ ਸਿੰਘ ਨਾਲ ਪਿੰਡ ਵਿੱਚ ਹੀ ਲੱਕੜ ਦੀ ਦੁਕਾਨ ਸੀ।

ਪਿੰਡ ਰੰਗੀਆਂ ਦਾ ਇੱਕ ਵਿਅਕਤੀ ਮੰਨੂ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੇ ਘਰ ਆਇਆ ਸੀ। ਇਸ ਦੌਰਾਨ ਝਗੜੇ ਵਿੱਚ ਮਨਪ੍ਰੀਤ ਮੰਨੂ ਦੇ ਹੱਥੋਂ ਉਸ ਵਿਅਕਤੀ ਦਾ ਕਤਲ ਹੋ ਗਿਆ ਤੇ ਕਤਲ ਕਰਨ ਦੇ ਮਾਮਲੇ ਵਿੱਚ ਉਸ ਨੂੰ ਜੇਲ੍ਹ ਹੋ ਗਈ। ਇਸ ਦੌਰਾਨ ਮੰਨੂ ਨੇ ਅਪਰਾਧ ਦੀ ਦੁਨੀਆਂ ਵਿਚ ਪੈਰ ਧਰਿਆ ਸੀ। ਜੇਲ੍ਹ ਤੋਂ ਛੁੱਟੀ ਉਪਰੰਤ ਮੰਨੂ ਨੇ ਆਪਣੇ ਛੋਟੇ ਭਰਾ ਗੁਰਦੀਪ ਸਿੰਘ ਗੋਰਾ ਨਾਲ ਮਿਲ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਫਿਰ ਦੋਵੇਂ ਭਰਾ ਜੇਲ੍ਹ ਚਲੇ ਗਏ।

ਮੰਨਿਆ ਜਾਂਦਾ ਹੈ ਕਿ ਜੇਲ੍ਹ ਵਿੱਚ ਹੀ ਉਨ੍ਹਾਂ ਦੇ ਸਬੰਧ ਬਿਸ਼ਨੋਈ ਗਰੁੱਪ ਨਾਲ ਬਣ ਗਏ। ਇਨ੍ਹਾਂ ਦਾ ਤੀਸਰਾ ਭਰਾ ਸ਼ਮਸ਼ੇਰ ਸਿੰਘ ਵੀ ਅਪਰਾਧਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਮਨਪ੍ਰੀਤ ਮੰਨੂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕੁੱਲ 14 ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਚਾਰ ਮਾਮਲੇ ਕਤਲ ਦੇ ਹਨ।

ਇਸ ਦੇ ਨਾਲ ਹੀ ਥਾਣਾ ਬੱਧਨੀ ਕਲਾਂ ਵਿੱਚ ਮਨਪ੍ਰੀਤ ਮੰਨੂ ਵਿਰੁੱਧ 5 ਮੁਕੱਦਮੇ ਦਰਜ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਿੱਲੀ ਪੁਲਿਸ ਨੇ ਇਨ੍ਹਾਂ ਦੇ ਘਰ ’ਤੇ ਮੰਨੂ ਨੂੰ ਪੁਲਿਸ ਅੱਗੇ ਪੇਸ਼ ਹੋਣ ਲਈ ਨੋਟਿਸ ਲਾ ਦਿੱਤਾ ਸੀ, ਜਿਸ ਮਗਰੋਂ ਉਸ ਦੇ ਮਾਤਾ-ਪਿਤਾ ਕਿਧਰੇ ਬਾਹਰ ਹੀ ਦੱਸੇ ਜਾਂਦੇ ਹਨ।