ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੀ ਭਰਜਾਈ ਹਰਸਿਮਰਤ ਬਾਦਲ ਦੇ ਅਸਤੀਫ਼ੇ 'ਤੇ ਤੰਨਜ਼ ਕੱਸਦੇ ਹੋਏ ਕਿਹਾ ਕਿ ਪ੍ਰਮਾਤਮਾ ਜਾਣਦਾ ਹੈ ਪਰ ਪਤਾ ਨਹੀਂ ਹੁਣ ਕਿਉਂ ਮੇਰਾ ਦਿਲ ਇਹ ਮੰਨਦਾ ਹੈ ਕਿ ਹਰਸਿਮਰਤ ਅਗਲੇ ਜਨਮ ਵਿੱਚ ਹੀ ਮੰਤਰੀ ਬਣਨਗੇ। ਇਸ ਜਨਮ ਵਿੱਚ ਤਾਂ ਉਹ ਨਹੀਂ ਬਣ ਸਕਦੇ। ਵੀਰਵਾਰ ਦੇਰ ਰਾਤ ਹਰਸਿਮਰਤ ਬਾਦਲ ਨੇ ਮੋਦੀ ਦੀ ਕੈਬਨਿਟ ਛੱਡ ਦਿੱਤੀ ਸੀ ਤੇ ਕੇਂਦਰੀ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਸੀ।

ਮਨਪ੍ਰੀਤ ਬਾਦਲ ਨੇ ਕਿਹਾ ਕੇਂਦਰ ਸਰਕਾਰ ਖੇਤੀ ਬਿੱਲ ਤੇ ਬਿਆਨ ਦੇਣ ਤੋਂ ਭੱਜ ਰਹੀ ਹੈ। ਪੰਜਾਬ ਤੇ ਹਰਿਆਣਾ 'ਚ ਐਮਐਸਪੀ ਜਿਵੇਂ ਪਹਿਲਾਂ ਹੈ, ਉਸੇ ਤਰ੍ਹਾਂ ਹੀ ਚਾਲੂ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇੰਝ ਲੱਗਦਾ ਹੈ ਕਿ ਕੇਂਦਰ ਸਰਕਾਰ ਜੀਐਸਟੀ ਵਾਂਗ ਐਮਐਸਪੀ ਤੋਂ ਵੀ ਮੁੱਕਰ ਜਾਵੇਗੀ। ਜਦੋਂ ਕੇਂਦਰ ਸਰਕਾਰ ਨੇ ਜੀਐਸਟੀ ਲਾਗੂ ਕੀਤਾ ਸੀ ਤਾਂ ਸਾਨੂੰ ਕਿਹਾ ਸੀ ਕਿ ਜੇਕਰ ਕਿਸੇ ਸਟੇਟ ਨੂੰ ਘਾਟਾ ਪਿਆ ਤਾਂ ਕੇਂਦਰ ਸਰਕਾਰ ਘਾਟਾ ਪੂਰਾ ਕਰੇਗੀ ਪਰ ਅਜਿਹਾ ਕੁਝ ਨਹੀਂ ਹੋਇਆ। ਖਜ਼ਾਨਾ ਮੰਤਰੀ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਤੇ ਵਿਸ਼ਵਾਸ ਨਹੀਂ, ਜੋ ਪਾਰਲੀਮੈਂਟ 'ਚ ਮੁੱਕਰ ਸਕਦੇ ਹਨ, ਉਹ ਕਦੇ ਵੀ ਮੁੱਕਰ ਸਕਦੇ ਹਨ।



ਹਰਸਿਮਰਤ ਬਾਦਲ ਦੇ ਅਸਤੀਫੇ ਤੇ ਬੋਲਦੇ ਹੋਏ ਖ਼ਜ਼ਾਨਾ ਮੰਤਰੀ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਇਹ ਤਾਂ ਉਹ ਮੁਹਾਵਰਾ ਹੋ ਗਿਆ, ਉਪਰ ਸੇ ਲੜਾਈ ਅੰਦਰ ਸੇ ਭਾਈ ਭਾਈ। ਮੈਂ ਇਹ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਹਾਂ ਕਿ ਖੇਤੀ ਆਰਡੀਨੈਂਸ ਆਉਣ ਤੋਂ ਪਹਿਲਾਂ ਹਰਸਿਮਰਤ ਨੇ ਪੜ੍ਹਿਆ ਨਾ ਹੋਵੇ। ਜਿਹੜੀ ਪਾਰਟੀ ਨੇ ਪਿਛਲੇ ਵੀਹ ਸਾਲਾਂ ਤੋਂ ਪੰਦਰਾਂ ਸਾਲ ਹਕੂਮਤ ਕੀਤੀ ਹੋਵੇ ਮੈਂ ਨਹੀਂ ਮੰਨਦਾ ਕਿ ਉਨ੍ਹਾਂ ਨੂੰ ਪਤਾ ਨਾ ਹੋਵੇ ਕਿ ਆਰਡੀਨੈਂਸ ਵਿੱਚ ਕੀ ਸੀ ਕੀ ਨਹੀਂ।



ਉਨ੍ਹਾਂ ਅੱਗੇ ਕਿਹਾ ਕਿ ਹਰਸਿਮਰਤ ਨੂੰ ਚਾਰ ਪੰਜ ਮਹੀਨੇ ਤੱਕ ਪਤਾ ਹੀ ਨਹੀਂ ਸੀ ਕਿ ਬਿੱਲ ਅੰਦਰ ਕੀ ਕੁਝ ਹੈ।ਹੁਣ ਜਦੋਂ ਪੰਜਾਬ ਅੰਦਰ ਕਿਸਾਨਾਂ ਦਾ ਰੋਹ ਤੇਜ ਹੋ ਗਿਆ ਤਾਂ ਕੱਲ੍ਹ ਦੇਰ ਰਾਤ ਇਹ ਅਸਤੀਫਾ ਦੇ ਦਿੱਤਾ। ਮਨਪ੍ਰੀਤ ਨੇ ਕਿਹਾ ਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ।" ਮੈਂ ਪੁੱਛਣ ਚਾਹੁੰਦਾ ਹੈ ਕਿ ਜੇਕਰ ਸਰਕਾਰ 'ਚ ਬੈਠੇ ਅਕਾਲੀਆਂ ਦੀ ਨਹੀਂ ਸੁਣੀ ਤਾਂ ਉਹ ਸਾਡੀ ਕਿੱਥੋਂ ਸੁਣਨਗੇ।