Punjab Gangster: ਮਾਨਸਾ ਦੀ ਸਪੈਸ਼ਲ ਬ੍ਰਾਂਚ ਵੱਲੋਂ ਗੈਂਗਸਟਰ ਅਰਸ਼ ਡਾਲਾ ਦੇ ਕਰੀਬੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਇੱਕ ਰਿਵਾਲਵਰ ਬਰਾਮਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਪਟਿਆਲਾ ਬੱਸ ਸਟੈਂਡ 'ਤੇ ਗੋਲੀਬਾਰੀ ਦੇ ਮਾਮਲੇ ਦਾ ਮੁੱਖ ਦੋਸ਼ੀ ਤੇ ਅਰਸ਼ ਡਾਲਾ ਦਾ ਕਰੀਬੀ ਹੈ।


ਦਰਅਸਲ, ਮਾਨਸਾ ਪੁਲਿਸ ਨੇ ਅਰਸ਼ਦੀਪ ਡਾਲਾ ਦੇ ਸਾਥੀ ਨੂੰ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਨਸਾ ਦੇ ਐਸਪੀ ਡੀ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਮਾਨਸਾ ਪੁਲਿਸ ਨੇ ਗੈਂਗਸਟਰ ਅਰਸ਼ ਡਾਲਾ ਦੇ ਕਰੀਬੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦਾ ਨਾਮ ਜਸ਼ਨਦੀਪ ਹੈ।


ਪੁਲਿਸ ਮੁਤਾਬਕ, ਜਸ਼ਨਦੀਪ ਪਟਿਆਲਾ ਬੱਸ ਸਟੈਂਡ ਉੱਤੇ ਗੋਲੀ ਚਲਾਉਣਾ ਵਾਲੇ ਮਾਮਲੇ ਵਿੱਚ ਮੁੱਖ ਦੋਸ਼ੀ ਹੈ ਤੇ ਇਹ ਅੱਤਵਾਦੀ ਅਰਸ਼ਦੀਪ ਡਾਲਾ ਦਾ ਕਰੀਬੀ ਹੈ, ਜਿਸ ਕੋਲੋਂ ਕੋਰੀਆਈ ਪਿਸਤੌਲ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਤਵਾਦੀ ਅਰਸ਼ ਡਾਲਾ ਵਿਦੇਸ਼ ਤੋਂ ਉਸ ਨੂੰ ਪੈਸੇ ਭੇਜਦਾ ਸੀ ਅਤੇ ਉਹ ਗੈਂਗਸਟਰ ਪਰਮਜੀਤ ਪੰਮਾ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੰਦਾ ਸੀ। ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


ਜ਼ਿਕਰ ਕਰ ਦਈਏ ਕਿ ਪੰਜਾਬ ਪੁਲਿਸ ਨੇ ਬੀਤੇ ਦਿਨ ਗੈਂਗਸਟਰ ਅਰਸ਼ ਡੱਲਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਉਪਰ ਪਿਛਲੇ ਦਿਨੀਂ ਪਟਿਆਲਾ ਬੱਸ ਅੱਡੇ ਵਿੱਚ ਗੋਲੀਆਂ ਚਲਾਉਣ ਦਾ ਇਲਜ਼ਾਮ ਹੈ। ਇਨ੍ਹਾਂ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਹੋਏ ਹਨ। ਹਾਸਲ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਸਥਾਨਕ ਬੱਸ ਅੱਡੇ ਵਿੱਚ ਚੱਲੀਆਂ ਗੋਲੀਆਂ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਕਿ ਫੜੇ ਗਏ ਨੌਜਵਾਨਾਂ ਦਾ ਸਬੰਧ ਗੈਂਗਸਟਰ ਅਰਸ਼ ਡੱਲਾ ਨਾਲ ਹੈ। 


ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚ ਸਰਬਜੀਤ ਸਿੰਘ ਸਰਬੀ ਵਾਸੀ ਭੀਖੀ ਤੇ ਬਲਜਿੰਦਰ ਸਿੰਘ ਬੱਲੀ ਵਾਸੀ ਅਲੀਸ਼ਰ ਕਲਾਂ (ਦੋਵੇਂ ਜ਼ਿਲ੍ਹਾ ਮਾਨਸਾ) ਸਣੇ ਜਗਜੀਤ ਸਿੰਘ ਵਿੱਕੀ ਵਾਸੀ ਪਿੰਡ ਭਰੂਰ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਕੁਝ ਘੰਟਿਆਂ ਮਗਰੋਂ ਹੀ ਇੰਸਪੈਕਟਰ ਅਮਨਦੀਪ ਬਰਾੜ ਤੇ ਟੀਮ ਨੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੂੰ ਦਬੋਚ ਲਿਆ ਸੀ।