ਚੰਡੀਗੜ੍ਹ: ਮਾਨਸਾ ਪੁਲਿਸ ਨੇ ਸਿਰਸਾ ਦੇ ਇੱਕ ਸ਼ਖ਼ਸ ਕੋਲੋਂ ਕਰੀਬ ਤਿੰਨ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਹਰਿਆਣਾ ਦੇ ਕਸਬਾ ਰਾਣੀਆਂ ਦੇ ਨਿਰਮਲਜੀਤ ਸਿੰਘ ਕੋਲੋਂ ਨਾਕੇ ’ਤੇ ਤਲਾਸ਼ੀ ਦੌਰਾਨ 2 ਕਰੋੜ, 99 ਲੱਖ ਤੇ 53 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।
ਪੁਲਿਸ ਨੇ ਨਿਰਮਲਜੀਤ ਸਿੰਘ ਖਿਲਾਫ਼ 102 ਸੀਆਰਪੀਸੀ ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਰਮਲਜੀਤ ਸਿੰਘ ਨੇ ਇਸ ਰਕਮ ਬਾਰੇ ਹਾਲੇ ਕੁਝ ਨਹੀਂ ਦੱਸਿਆ ਕਿ ਇੰਨੀ ਰਕਮ ਉਸ ਕੋਲ ਆਈ ਕਿੱਥੋਂ ਤੇ ਉਹ ਕਿੱਥੇ ਲੈ ਕੇ ਜਾ ਰਿਹਾ ਸੀ? ਹਾਲਾਂਕਿ ਸੂਤਰਾਂ ਮੁਤਾਬਕ ਇਹ ਰਕਮ ਡੇਰਾ ਸਿਰਸਾ ਨਾਲ ਸਬੰਧਿਤ ਦੱਸੀ ਜਾ ਰਹੀ ਹੈ ਪਰ ਪੁਲਿਸ ਹਾਲੇ ਇਸ ਸਬੰਧਤ ਕੁਝ ਨਹੀਂ ਕਹਿ ਰਹੀ।
ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਮਨਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਾਕੇ ਦੌਰਾਨ ਜਦੋਂ ਨਿਰਮਲਜੀਤ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਉਕਤ ਨਕਦੀ ਬਰਾਮਦ ਕੀਤੀ ਗਈ। ਨਿਰਮਲਜੀਤ ਮੌਕੇ ’ਤੇ ਇਸ ਰਕਮ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ।