ਸੰਗਰੂਰ : ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਫੰਡਾਂ ਨੂੰ ਰੋਕਿਆ ਹੈ ? ਇਸ ਦਾ ਖੁਲਾਸਾ ਅੱਜ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਰ ਦਿੱਤਾ ਹੈ। ਪੰਜਾਬ ਵਿੱਚ ਖੋਲ੍ਹੇ ਆਮ ਆਦਮੀ ਮੁਹੱਲਾਂ ਕਲੀਨਿਕਾਂ ਤੋਂ ਕੇਂਦਰ ਸਰਕਾਰ ਨਾਰਾਜ਼ ਹੈ। ਲੌਂਗੋਵਾਲ ਵਿੱਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ, ਕੇਂਦਰ ਵੱਲੋਂ ਚਲਾਈਆਂ ਸਕੀਮਾਂ 'ਤੇ ਆਪਣਾ ਨਾਮ ਛਾਪ ਰਹੀ ਹੈ ਅਜਿਹੇ ਵਿੱਚ ਇਹਨਾਂ ਨੂੰ ਫੰਡ ਨਹੀਂ ਦਿੱਤੀ ਜਾਣਗੇ। ਕਿਉਂਕਿ ਕਿ ਪੰਜਾਬ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਕੇਂਦਰ ਸਰਕਾਰ ਦੀਆਂ ਸਕੀਮਾਂ 'ਤੇ ਆਪਣੀਆਂ ਫੋਟੋਆਂ ਅਤੇ ਆਪਣੀ ਸਰਕਾਰ ਦੇ ਨਾਮ ਲਗਾ ਰਹੀ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਵੈਲਨੈੱਸ ਸੈਂਟਰਾਂ ਨੂੰ ਪੰਜਾਬ ਸਰਕਾਰ ਨੇ ਮੁਹੱਲਾਂ ਕਲੀਨਿਕ 'ਚ ਤਬਦੀਲ ਕਰ ਦਿੱਤਾ ਹੈ। ਹੈੱਲਥ ਐਂਡ ਵੈਲਨੈੱਸ ਸੈਂਟਰਾਂ 'ਤੇ ਭਗਵੰਤ ਮਾਨ ਦੀਆਂ ਫੋਟੋਆ ਲਗਾ ਦਿੱਤੀਆਂ ਗਈਆਂ ਹਨ। ਮਨਸੁਖ ਮੰਡਾਵੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿੰਡਾਂ ਵਿੱਚ ਵੈਲਨੈੱਸ ਸੈਂਟਰ ਬਣਾਏ ਸਨ। ਪੰਜਾਬ ਸਰਕਾਰ ਨੇ ਮੇਰੀ ਯੋਜਨਾਂ ਨੂੰ ਬੰਦ ਕਰ ਦਿੱਤਾ ਇਸ ਲਈ ਗ੍ਰਾਂਟ ਵੀ ਬੰਦ ਕਰ ਦਿੱਤੀ ਗਈ ਹੈ।
ਕੇਂਦਰੀ ਮੰਤਰੀ ਨੇ ਕਿਹਾ ਹੈੱਲਥ ਐਂਡ ਵੈਲਨੈੱਸ ਸੈਂਟਰ ਮੋਦੀ ਸਰਕਾਰ ਨੇ ਬਣਾਏ ਹਨ ਅਤੇ ਇਹਨਾਂ ਵਿੱਚ ਕੇਂਦਰ ਸਰਕਾਰ 60 ਫੀਸਦ ਆਪਣਾ ਹਿੱਸਾ ਦਿੰਦੀ ਹੈ। ਇਹਨਾਂ ਸੈਂਟਰਾਂ ਵਿੱਚ ਜਿਹੜੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ, ਉਹਨਾਂ ਵਿੱਚ ਵੀ ਕੇਂਦਰ ਸਰਕਾਰ 60 ਫੀਸਦ ਪੈਸਾ ਦਿੰਦੀ ਹੈ। ਇਹਨਾਂ ਦੇ ਨਿਰਮਾਣ ਲਈ ਵੀ ਕੇਂਦਰ ਸਰਕਾਰ ਨੇ 60 ਫੀਸਦ ਵੰਡ ਦਿੱਤੇ ਸਨ। ਪਰ ਭਗਵੰਤ ਮਾਨ ਸਰਕਾਰ ਨੇ ਮੋਦੀ ਸਰਕਾਰ ਦੀ ਸਕੀਮ 'ਤੇ ਆਪਣੀਆਂ ਫੋਟੋਆਂ ਲਗਾ ਕੇ ਮੁਹੱਲਾ ਕਲੀਨਿਕ ਤਿਆਰ ਕਰ ਲਏ। ਕੇਂਦਰੀ ਸਹਿਤ ਮੰਤਰੀ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਗੁਰਮਾਹ ਕਰਨ ਲਈ ਹੁਣ 2 ਦਿਨਾਂ ਦਾ ਸੈਸ਼ਨ ਸੱਦ ਲਿਆ ਗਿਆ ਹੈ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕਰਨ ਜਾ ਰਹੇ ਹਨ। ਇਸ ਮੀਟਿੰਗ ਵਿੱਚ ਭਗਵੰਤ ਮਾਨ, ਪ੍ਰਧਾਨ ਮੰਤਰੀ ਤੋਂ ਪੰਜਾਬ ਦੇ ਰੋਕੇ ਗਏ ਕੁੱਲ 5800 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦੀ ਮੰਗ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮਿਲਣੀ ਤੋਂ ਪਹਿਲਾਂ ਹੀ ਕੇਂਦਰੀ ਮੰਤਰੀ ਮਨਸੁਖ ਮੰਡਾਵੀਆ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਨੂੰ ਫੰਡ ਜਾਰੀ ਨਹੀਂ ਕੀਤੇ ਜਾਣਗੇ।