ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅਰਦਾਸ ਸਮਾਗਮ ਮੌਕੇ ਪੁੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਏ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਪਰ ਪੰਜਾਬੀਆਂ ਅਤੇ ਖਾਸਕਰ ਸਿੱਖਾਂ ਨੂੰ ਆਪਣਾ ਦਰਦ ਨਹੀਂ ਭੁੱਲਦਾ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਦੌਰਾਨ ਪੰਜਾਬ ਦੇ ਸੱਭਿਆਚਾਰ ’ਤੇ ਵੱਡੀ ਸੱਟ ਮਾਰੀ ਗਈ ਅਤੇ ਗੁਰੂ ਸਾਹਿਬਾਨ ਦੇ ਨਾਂ ’ਤੇ ਵੱਸਦੇ ਪੰਜਾਬ ਦੇ ਦੋ ਟੁੱਕੜੇ ਕਰ ਦਿੱਤੇ ਗਏ।


 

ਬਹੁਤ ਸਾਰੇ ਸਿੱਖ ਗੁਰਧਾਮ ਪਾਕਿਸਤਾਨ ਵਾਲੇ ਪਾਸੇ ਰਹਿ ਗਏ, ਜਿਨ੍ਹਾਂ ਵਿੱਚੋਂ ਕੁਝ ਅਸਥਾਨਾਂ ਦੀ ਸੰਭਾਲ ਠੀਕ ਢੰਗ ਨਾਲ ਹੋ ਰਹੀ ਹੈ, ਜਦਕਿ ਬਾਕੀ ਅਣਗੌਲੇ ਜਾ ਰਹੇ ਹਨ। ਇਸ ਸਬੰਧੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੇਸ਼ ਵੰਡ ਸਮੇਂ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਨੂੰ ਯਾਦ ਕਰਨਾ ਅਤੇ ਸ਼ਰਧਾਂਜਲੀ ਭੇਟ ਕਰਨੀ ਬਹੁਤ ਵਧੀਆ ਫੈਸਲਾ ਹੈ। 

 

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਇਤਿਹਾਸਕ ਗੁਰਦੁਆਰਿਆਂ ਅੰਦਰ ਵੀ ਦੇਸ਼ ਵੰਡ ਦੇ ਪੀੜਤਾਂ ਨੂੰ ਯਾਦ ਕਰਦਿਆਂ ਅਰਦਾਸ ਸਮਾਗਮ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦੇਸ਼ ਵੰਡ ਸਮੇਂ ਮਾਰੇ ਗਏ ਲੱਖਾਂ ਲੋਕਾਂ ਦੀ ਯਾਦ ਵਿਚ ਹਰ ਸਾਲ ਅਰਦਾਸ ਸਮਾਗਮ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵਿਚਾਰ ਕੀਤਾ ਜਾਵੇਗਾ।