ਪੰਜਾਬ ਤੋਂ ਹੈਰਾਨ ਕਰਨ ਵਾਲੀ ਰਿਪੋਰਟ, ਪਤੀ-ਪਤਨੀ ਦੀ ਕਲਹ-ਕਲੇਸ਼ ਬਣ ਰਹੀ ਜਾਨ ਲਈ ਖਤਰਾ, ਔਰਤਾਂ ਨਾਲੋਂ ਮਰਦ ਵੱਧ ਕਰ ਰਹੇ ਆਤਮਹੱਤਿਆ
ਪੰਜਾਬ 'ਚ ਪਤੀ-ਪਤਨੀ ਵਿਚਾਲੇ ਹੋਣ ਵਾਲੇ ਝਗੜੇ ਹੁਣ ਜਾਨ ਦੇ ਦੁਸ਼ਮਣ ਬਣ ਰਹੇ ਹਨ। ਛੋਟੀਆਂ-ਛੋਟੀਆਂ ਗੱਲਾਂ 'ਤੇ ਹੋਣ ਵਾਲੇ ਝਗੜਿਆਂ ਕਾਰਨ ਲੋਕ ਆਤਮਹੱਤਿਆ ਵਰਗਾ ਕਠੋਰ ਕਦਮ ਚੁੱਕ ਰਹੇ ਹਨ। ਪਤੀ-ਪਤਨੀ ਦੇ ਵਿਚਕਾਰ ਵਧ ਰਹੇ ਤਣਾਅ ਨਾਲ ਮਰਦ ਮਹਿਲਾਵਾਂ

ਪੰਜਾਬ 'ਚ ਪਤੀ-ਪਤਨੀ ਵਿਚਾਲੇ ਹੋਣ ਵਾਲੇ ਝਗੜੇ ਹੁਣ ਜਾਨ ਦੇ ਦੁਸ਼ਮਣ ਬਣ ਰਹੇ ਹਨ। ਛੋਟੀਆਂ-ਛੋਟੀਆਂ ਗੱਲਾਂ 'ਤੇ ਹੋਣ ਵਾਲੇ ਝਗੜਿਆਂ ਕਾਰਨ ਲੋਕ ਆਤਮਹੱਤਿਆ ਵਰਗਾ ਕਠੋਰ ਕਦਮ ਚੁੱਕ ਰਹੇ ਹਨ। ਪਤੀ-ਪਤਨੀ ਦੇ ਵਿਚਕਾਰ ਵਧ ਰਹੇ ਤਣਾਅ ਨਾਲ ਮਰਦ ਮਹਿਲਾਵਾਂ ਦੇ ਮੁਕਾਬਲੇ ਵੱਧ ਪ੍ਰਭਾਵਿਤ ਹੋ ਰਹੇ ਹਨ। ਨੈਸ਼ਨਲ ਕ੍ਰਾਈਮ ਬਿਊਰੋ ਦੀ ਤਾਜ਼ਾ ਰਿਪੋਰਟ ਮੁਤਾਬਕ, 2023 'ਚ ਪੰਜਾਬ 'ਚ ਪਤੀ-ਪਤਨੀ ਦੇ ਝਗੜਿਆਂ ਤੋਂ ਬਾਅਦ 185 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ, ਜਿਸ 'ਚ ਮਰਦਾਂ ਦੀ ਗਿਣਤੀ ਮਹਿਲਾਵਾਂ ਨਾਲੋਂ ਜ਼ਿਆਦਾ ਹੈ।
ਲੁਧਿਆਣੇ ਤੋਂ ਹੈਰਾਨ ਕਰਨ ਵਾਲਾ ਅੰਕੜਾ
ਇਨ੍ਹਾਂ ਵਿੱਚੋਂ 97 ਮਰਦ ਅਤੇ 88 ਮਹਿਲਾਵਾਂ ਸ਼ਾਮਲ ਹਨ। ਜੇ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੇਵਲ ਆਪਸੀ ਝਗੜਿਆਂ ਕਾਰਨ 21 ਲੋਕਾਂ ਨੇ ਆਪਣੀ ਜਾਨ ਗੁਆਈ ਹੈ, ਜਿਨ੍ਹਾਂ ਵਿੱਚੋਂ 12 ਮਰਦ ਅਤੇ 9 ਮਹਿਲਾਵਾਂ ਹਨ।
ਵਿਆਹ ਤੋਂ ਬਾਅਦ ਸੈਟਲਮੈਂਟ ਨਾ ਹੋਣਾ ਆਤਮਹੱਤਿਆ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ। ਵਿਆਹ ਤੋਂ ਬਾਅਦ ਜਦੋਂ ਪਤੀ-ਪਤਨੀ ਦੇ ਰਿਸ਼ਤੇ ਵਿੱਚ ਸਮਝੌਤਾ ਨਹੀਂ ਹੋ ਪਾਉਂਦਾ, ਤਾਂ ਝਗੜੇ ਵਧ ਜਾਣ ਕਰਕੇ ਦੋਵੇਂ ਅਕਸਰ ਵੱਖ ਹੋ ਜਾਣ ਲੱਗ ਪੈਂਦੇ ਹਨ। ਜਦੋਂ ਉਹ ਇਕ-ਦੂਜੇ ਤੋਂ ਵੱਖ ਹੋਣ ਲੱਗਦੇ ਹਨ, ਤਾਂ ਕਈ ਵਾਰ ਆਤਮਹੱਤਿਆ ਵਰਗਾ ਸਖਤ ਕਦਮ ਵੀ ਚੁੱਕ ਲੈਂਦੇ ਹਨ।
ਰਿਪੋਰਟ ਮੁਤਾਬਕ, ਪੰਜਾਬ 'ਚ ਇੱਕ ਸਾਲ ਵਿੱਚ ਪਤੀ-ਪਤਨੀ ਦੇ ਵੱਖ ਹੋਣ ਕਾਰਨ 110 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ, ਜਿਨ੍ਹਾਂ ਵਿੱਚ 56 ਮਰਦ ਤੇ 54 ਔਰਤਾਂ ਹਨ। ਇਸ ਦੇ ਨਾਲ ਹੀ ਤਲਾਕ ਦੇ ਮਾਮਲਿਆਂ 'ਚ ਮਰਦਾਂ ਵੱਲੋਂ ਆਤਮਹੱਤਿਆ ਕਰਨ ਦੇ ਕੇਸ ਵਧੇ ਹਨ - ਪੰਜਾਬ ਵਿੱਚ ਇਸ ਕਾਰਨ ਚਾਰ ਮਰਦਾਂ ਨੇ ਆਪਣੀ ਜਾਨ ਗੁਆਈ ਹੈ।
ਵਿਆਹ ਤੋਂ ਬਾਹਰ ਦੇ ਰਿਸ਼ਤੇ ਵੀ ਆਤਮਹੱਤਿਆ ਦਾ ਕਾਰਨ ਬਣ ਰਹੇ ਹਨ। ਪਤੀ-ਪਤਨੀ ਇਕ ਦੂਜੇ ਦੇ ਐਕਸਟਰਾ ਮੈਰਿਟਲ ਅਫੇਅਰ ਤੋਂ ਪਰੇਸ਼ਾਨ ਹਨ। ਨਾ ਔਰਤਾਂ ਇਹ ਗੱਲ ਬਰਦਾਸ਼ਤ ਕਰ ਰਹੀਆਂ ਹਨ ਤੇ ਨਾ ਹੀ ਮਰਦ। ਇਸੇ ਕਾਰਨ ਪੰਜਾਬ ਵਿੱਚ ਇੱਕ ਸਾਲ ਦੇ ਅੰਦਰ 30 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਜਾਨ ਦੇਣ ਵਾਲਿਆਂ ਵਿੱਚ ਪਤੀਆਂ ਦੀ ਗਿਣਤੀ ਪਤਨੀਆਂ ਨਾਲੋਂ ਵੱਧ ਹੈ - 18 ਪਤੀਆਂ ਤੇ 12 ਪਤਨੀਆਂ ਨੇ ਆਤਮਹੱਤਿਆ ਕੀਤੀ ਹੈ।
ਸਿਵਲ ਹਸਪਤਾਲ ਲੁਧਿਆਣਾ ਦੇ ਮਨੋਚਿਕਿਤਸਕ ਡਾ. ਅਰਵਿੰਦ ਗੋਇਲ ਦੱਸਦੇ ਹਨ ਕਿ ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਕਾਰ ਝਗੜੇ ਹੋਣਾ ਅਕਸਰ "ਫੈਮਿਲੀ ਐਡਜਸਟਮੈਂਟ" ਦਾ ਮਸਲਾ ਹੁੰਦਾ ਹੈ। ਜਿੱਥੇ ਐਡਜਸਟਮੈਂਟ ਨਹੀਂ ਹੁੰਦੀ, ਉੱਥੇ ਝਗੜੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਇਹ ਝਗੜੇ ਇਸ ਹੱਦ ਤੱਕ ਵੱਧ ਜਾਂਦੇ ਹਨ ਕਿ ਤਣਾਅ ਦਾ ਪੱਧਰ ਇੰਨਾ ਵੱਧ ਜਾਂਦਾ ਹੈ ਕਿ ਵਿਅਕਤੀ ਆਤਮਹੱਤਿਆ ਜਿਹਾ ਸਖ਼ਤ ਕਦਮ ਚੁੱਕ ਲੈਂਦਾ ਹੈ।
ਡਾ. ਅਰਵਿੰਦਰ ਗੋਇਲ ਦਾ ਕਹਿਣਾ ਹੈ ਕਿ ਜੇ ਵਿਆਹ ਤੋਂ ਬਾਅਦ ਪਤੀ-ਪਤਨੀ ਦੋਵੇਂ ਇਕ ਦੂਜੇ ਨਾਲ ਐਡਜਸਟਮੈਂਟ ਕਰ ਲੈਣ, ਤਾਂ ਅਜਿਹੀਆਂ ਆਤਮਹੱਤਿਆਵਾਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਕੋਈ ਸਮੱਸਿਆ ਪੈਦਾ ਹੁੰਦੀ ਹੈ, ਤਾਂ ਉਸਨੂੰ ਆਪਸ ਵਿੱਚ ਗੱਲ ਕਰਕੇ ਹੱਲ ਕਰਨਾ ਚਾਹੀਦਾ ਹੈ। ਜੇ ਦੋਵੇਂ ਧੀਰਜ ਨਾਲ ਸਮਝੌਤਾ ਕਰਦੇ ਹਨ, ਤਾਂ ਆਤਮਹੱਤਿਆ ਤੱਕ ਗੱਲ ਪਹੁੰਚਣ ਦੀ ਲੋੜ ਹੀ ਨਹੀਂ ਪੈਂਦੀ। ਉਹ ਕਹਿੰਦੇ ਹਨ ਕਿ ਵਿਆਹ ਤੋਂ ਬਾਅਦ ਪਤੀ-ਪਤਨੀ ਵਿਚਕਾਰ ਐਡਜਸਟਮੈਂਟ ਦੀਆਂ ਸਮੱਸਿਆਵਾਂ ਜ਼ਿਆਦਾਤਰ ਮੱਧਮ ਤੇ ਉੱਚ ਵਰਗ ਦੇ ਪਰਿਵਾਰਾਂ ਵਿੱਚ ਵੇਖੀਆਂ ਜਾਂਦੀਆਂ ਹਨ। ਹੇਠਲੇ ਵਰਗ ਵਿੱਚ ਇਹ ਸਮੱਸਿਆ ਘੱਟ ਹੁੰਦੀ ਹੈ। ਹੇਠਲੇ ਵਰਗ ਦੇ ਲੋਕਾਂ ਵਿੱਚ ਆਤਮਹੱਤਿਆ ਦਾ ਮੁੱਖ ਕਾਰਨ ਆਰਥਿਕ ਤੰਗੀ ਹੁੰਦੀ ਹੈ।





















