Ferozepur News : ਪੰਜਾਬ ਵਿੱਚ ਠੱਗੀ ਅਤੇ ਬਲੈਕਮੇਲਿੰਗ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਰਿਸ਼ਤਾ ਕਰਵਾਉਣ ਵਾਲੇ ਵਿਚੋਲੇ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾਉਣ ਅਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋ ਔਰਤਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿੱਚ ਕੁੱਲ 7 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਚਿਮਨ ਸਿੰਘ ਵਾਸੀ ਪਿੰਡ ਪੰਜੇ ਕੇ ਉਤਾੜ ਨੇ ਦੱਸਿਆ ਕਿ ਉਹ ਮੁੰਡੇ-ਕੁੜੀਆਂ ਦੇ ਰਿਸ਼ਤੇ ਕਰਵਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ 20 ਨਵੰਬਰ 2026 ਨੂੰ ਮਮਤਾ ਰਾਣੀ ਨਾਂ ਦੀ ਔਰਤ ਦਾ ਉਸ ਨੂੰ ਫੋਨ ਆਇਆ। ਔਰਤ ਨੇ ਰਿਸ਼ਤੇ ਸਬੰਧੀ ਗੱਲਬਾਤ ਕਰਨ ਲਈ ਉਸ ਨੂੰ ਪਿੰਡ ਹਬੀਬ ਵਾਲਾ ਬੁਲਾਇਆ।
ਸ਼ਿਕਾਇਤਕਰਤਾ ਮੁਤਾਬਕ ਜਦੋਂ ਉਹ ਉੱਥੇ ਪਹੁੰਚਿਆ ਤਾਂ ਮਮਤਾ ਰਾਣੀ ਸਮੇਤ ਕੁਝ ਹੋਰ ਵਿਅਕਤੀਆਂ ਨੇ ਉਸ ਨੂੰ ਜ਼ਬਰਦਸਤੀ ਫੜ ਲਿਆ ਅਤੇ ਪਿੰਡ ਤੋਂ ਦੂਰ ਇੱਕ ਕਮਰੇ ਵਿੱਚ ਲੈ ਗਏ। ਉੱਥੇ ਮੁਲਜ਼ਮਾਂ ਨੇ ਉਸ ਦੀ ਮੋਬਾਈਲ ਫੋਨ ਰਾਹੀਂ ਇਤਰਾਜ਼ਯੋਗ ਵੀਡੀਓ ਬਣਾ ਲਈ।
ਇਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ। ਪੀੜਤ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਅਗਵਾ ਕਰਕੇ ਕਿਸੇ ਅਣਜਾਣ ਥਾਂ 'ਤੇ ਵੀ ਲੈ ਗਏ, ਪਰ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਰਾਤ ਸਮੇਂ ਆਪਣੇ ਘਰ ਪਹੁੰਚਣ ਵਿੱਚ ਕਾਮਯਾਬ ਹੋ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਚਿਮਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਮਤਾ ਰਾਣੀ, ਕੈਲਾਸ਼ ਕੌਰ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।