Punjab News: ਪੰਜਾਬ ਭਾਜਪਾ ਦੇ ਸਾਬਕਾ ਮੁਖੀ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਕੇਂਦਰੀ ਏਜੰਸੀਆਂ ਹਰਕਤ ਵਿੱਚ ਹਨ। NIA ਨੇ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਵੇਲੇ NIA ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੈਦੁਲ ਅਮੀਨ ਵਜੋਂ ਹੋਈ ਹੈ, ਜੋ ਕਿ ਅਮਰੋਹਾ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਜਿਸਨੂੰ ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਿਸ ਦੀਆਂ ਟੀਮਾਂ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ, ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਲਗਾਤਾਰ ਸੰਪਰਕ ਵਿੱਚ ਸਨ। ਤੁਹਾਨੂੰ ਦੱਸ ਦੇਈਏ ਕਿ ਦੋਸ਼ੀ ਦੇ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਨਾਲ ਸਬੰਧ ਪਾਏ ਗਏ ਹਨ।

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਹ ਗ੍ਰਿਫ਼ਤਾਰੀ ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਕੀਤੀ ਹੈ। ਹਾਲਾਂਕਿ, ਹਮਲੇ ਤੋਂ ਬਾਅਦ, ਕੇਂਦਰੀ ਸੁਰੱਖਿਆ ਏਜੰਸੀਆਂ ਅਲਰਟ 'ਤੇ ਸਨ ਤੇ ਉਨ੍ਹਾਂ ਨੇ ਮਾਮਲੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਕੇਂਦਰੀ ਏਜੰਸੀਆਂ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਦੋਸ਼ੀ ਮੁੱਖ ਮਾਮਲੇ ਦੀ ਮੁੱਖ ਕੜੀ ਹੈ, ਜਿਸਦੇ ਅੱਤਵਾਦੀਆਂ ਨਾਲ ਸਬੰਧ ਪਾਏ ਗਏ ਹਨ। ਕੇਂਦਰੀ ਏਜੰਸੀ ਨੇ ਕੁਝ ਡਿਜੀਟਲ ਡਿਵਾਈਸਾਂ ਵੀ ਜ਼ਬਤ ਕੀਤੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਜ਼ੀਸ਼ਾਨ ਅਖਤਰ ਦਾ ਇੱਕ ਕਥਿਤ ਆਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਉਕਤ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਬੋਲ ਰਿਹਾ ਹੈ। ਉਕਤ ਵਿਅਕਤੀ ਆਪਣਾ ਨਾਮ ਜ਼ੀਸ਼ਾਨ ਅਖਤਰ ਦੱਸਦਾ ਹੈ। ਉਹ ਉਕਤ ਆਡੀਓ ਵਿੱਚ ਹੈਪੀ ਪਾਸੀਆ ਅਤੇ ਪਾਕਿਸਤਾਨੀ ਡੌਨ ਭੱਟੀ ਦੇ ਨਾਮ ਵੀ ਲੈਂਦਾ ਹੈ। ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਹਾਂ

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।