ਰੌਬਟ ਦੀ ਰਿਪੋਰਟ



ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬਾਬਾ ਲਾਭ ਸਿੰਘ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੇ ਮਟਕਾ ਚੌਕ (Matka Chowk) 'ਤੇ ਡਟੇ ਹੋਏ ਹਨ। ਇਸ ਮਗਰੋਂ ਹੁਣ ਗੂਗਲ ਨੇ ਵੀ ਆਪਣੇ ਨਕਸ਼ੇ ਤੇ ਮਟਕਾ ਚੌਕ ਦਾ ਨਾਮ ਬਾਬਾ ਲਾਭ ਸਿੰਘ ਚੌਕ (Baba Labh Singh Chowk) ਦੱਸਣਾ ਸ਼ੁਰੂ ਕਰ ਦਿੱਤਾ ਹੈ।

ਕਿਸਾਨੀ ਹੱਕਾਂ ਲਈ ਡਟੇ ਬਾਬਾ ਲਾਭ ਸਿੰਘ ਨੂੰ ਦੁਨੀਆ ਸਲਾਮ ਕਰ ਰਹੀ ਹੈ। ਹਰ ਕੋਈ ਬਾਬਾ ਲਾਭ ਸਿੰਘ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹਮਾਇਤ ਦੀ ਸ਼ਲਾਘਾ ਕਰ ਰਿਹਾ ਹੈ ਤੇ ਉਨ੍ਹਾਂ ਦੇ ਸਮਰਥਨ ਨੂੰ ਸਿਜਦਾ ਕਰ ਰਿਹਾ ਹੈ। ਕਈ ਸਾਈਬਰ ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੱਲੋਂ ਇਸ ਨੂੰ ਗੂਗਲ ਵਿਕੀਪੀਡੀਆ 'ਤੇ ਐਡਿਟ ਵੀ ਕੀਤਾ ਹੋਇਆ ਜਾ ਸਕਦਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ।

ਤੁਹਾਨੂੰ ਦੱਸ ਦੇਈਏ ਕਿ ਬਾਬਾ ਲਾਭ ਸਿੰਘ ਜੀ (Baba Labh Singh ) ਪਿਛਲੇ ਕਰੀਬ 5 ਮਹੀਨਿਆਂ ਤੋਂ ਕੇਂਦਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ। ਭਾਵੇਂ ਮੀਂਹ ਹੋਵੇ ਜਾਂ ਹਨੇਰੀ ਉਨ੍ਹਾਂ ਵੱਲੋਂ ਲਗਾਤਾਰ ਕਿਰਸਾਨੀ ਦਾ ਝੰਡਾ ਬੁਲੰਦ ਕੀਤਾ ਜਾ ਰਿਹਾ ਹੈ।

ਇੱਥੇ ਇਹ ਵੀ ਦੱਸ ਦੇਈਏ ਕਿ ਪਿਛਲੇ ਦਿਨੀਂ ਬਾਬਾ ਲਾਭ ਸਿੰਘ ਜੀ ਨੂੰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮਿਲਣ ਪਹੁੰਚੇ ਸੀ। ਇਸ ਦੌਰਾਨ ਉਹਨਾਂ ਨੇ ਬਾਬਾ ਲਾਭ ਸਿੰਘ ਦਾ ਅਸ਼ੀਰਵਾਦ ਲਿਆ ਤੇ ਉਨ੍ਹਾਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ।

ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ, "ਮਟਕਾ ਚੌਕ 'ਤੇ ਆਪਣਾ ਅੰਦੋਲਨ ਜਾਰੀ ਰੱਖਦੇ ਹੋਏ ਪਿਛਲੇ 5 ਮਹੀਨਿਆਂ ਤੋਂ ਬਾਬਾ ਜੀ ਨੇ ਹਰ ਮੁਸ਼ਕਲ ਦਾ ਖਿੜ੍ਹੇ ਮੱਥੇ ਸਾਹਮਣਾ ਕੀਤਾ ਹੈ। ਸਾਡੇ ਸਾਰਿਆਂ ਲਈ ਉਹ ਇੱਕ ਯਾਦਗਾਰੀ ਸਬਕ ਤੇ ਪ੍ਰੇਰਨਾ ਸਾਬਤ ਹੋਏ ਹਨ। ਬਾਬਾ ਜੀ ਸੱਚੀ ਤੇ ਨਿਰਸੁਆਰਥ ਸੇਵਾ ਦਾ ਸਰੂਪ ਹਨ।"