ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਤੰਜ਼ ਕੱਸਿਆ ਸੀ। ਭਗਵੰਤ ਮਾਨ ਦੀ ਇਸ ਟਿੱਪਣੀ ’ਤੇ ਵਿਦੇਸ਼ ਮੰਤਰਾਲੇ ਨੇ ਵੀਰਵਾਰ, 10 ਜੁਲਾਈ 2025 ਨੂੰ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਲੈ ਕੇ ਕੀਤੀਆਂ ਗਈਆਂ ਅਜਿਹੀਆਂ ਟਿੱਪਣੀਆਂ ਗੈਰ-ਜ਼ਿੰਮੇਵਾਰਾਨਾ ਅਤੇ ਦੁਖਦਾਈ ਹਨ।

ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਦਿੱਤਾ ਬਿਆਨ

ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਰਣਧੀਰ ਜੈਸਵਾਲ ਨੇ ਵੀਰਵਾਰ (10 ਜੁਲਾਈ, 2025) ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ ਨੂੰ ਅਯੋਗ ਕਰਾਰ ਦਿੱਤਾ। ਉਨ੍ਹਾਂ ਕਿਹਾ, “ਅਸੀਂ ਇੱਕ ਰਾਜ ਦੀ ਉੱਚ ਅਥਾਰਟੀ ਵੱਲੋਂ ਭਾਰਤ ਅਤੇ ਗਲੋਬਲ ਸਾਊਥ ਦੇ ਮਿੱਤਰ ਦੇਸ਼ਾਂ ਨਾਲ ਸੰਬੰਧਿਤ ਕੀਤੀਆਂ ਕੁਝ ਟਿੱਪਣੀਆਂ ਵੇਖੀਆਂ ਹਨ। ਇਹ ਟਿੱਪਣੀਆਂ ਬਹੁਤ ਹੀ ਗੈਰ-ਜ਼ਿੰਮੇਵਾਰਾਨਾ, ਦੁਖਦਾਈ ਅਤੇ ਅਸ਼ੋਭਨੀਯ ਹਨ।”

ਉਨ੍ਹਾਂ ਨੇ ਕਿਹਾ, “ਮਿੱਤਰ ਦੇਸ਼ਾਂ ਨਾਲ ਸੰਬੰਧਾਂ ਨੂੰ ਲੈ ਕੇ ਕੀਤੀਆਂ ਅਜਿਹੀਆਂ ਟਿੱਪਣੀਆਂ ਉਸ ਪਦਵੀ ਦੀ ਮਰਿਆਦਾ ਦੇ ਇਕਦਮ ਉਲਟ ਹਨ। ਭਾਰਤ ਸਰਕਾਰ ਅਜਿਹੀ ਕਿਸੇ ਵੀ ਅਣਉਚਿਤ ਬਿਆਨਬਾਜ਼ੀ ਤੋਂ ਪੂਰੀ ਤਰ੍ਹਾਂ ਅਲੱਗ ਰਹਿੰਦੀ ਹੈ, ਜੋ ਭਾਰਤ ਅਤੇ ਸਾਡੇ ਮਿੱਤਰ ਦੇਸ਼ਾਂ ਦਰਮਿਆਨ ਸੰਬੰਧਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀਆਂ ਹਨ।”

ਪੰਜਾਬ ਦੇ ਮੁੱਖ ਮੰਤਰੀ ਨੇ ਪੀਐਮ ਮੋਦੀ ਦੀ ਵਿਦੇਸ਼ ਯਾਤਰਾ 'ਤੇ ਕੱਸਿਆ ਸੀ ਤੰਜ਼

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਤੰਜ਼ ਕੱਸਦਿਆਂ ਕਿਹਾ ਸੀ ਕਿ ਉਹ ਸਿਰਫ਼ ਉਹਨਾਂ ਦੇਸ਼ਾਂ ਦੀ ਯਾਤਰਾ ਕਰਦੇ ਹਨ, ਜਿਥੇ ਆਬਾਦੀ ਸਿਰਫ਼ 10,000 ਹੈ। ਭਗਵੰਤ ਮਾਨ ਨੇ ਕਿਹਾ ਸੀ, “ਪ੍ਰਧਾਨ ਮੰਤਰੀ ਕਿਤੇ ਗਏ ਹੋਏ ਹਨ। ਮੈਨੂੰ ਲੱਗਦਾ ਹੈ ਉਹ ਘਾਨਾ ਗਏ ਹੋਏ ਹਨ। ਉਹ ਵਾਪਸ ਆ ਰਹੇ ਹਨ ਅਤੇ ਉਨ੍ਹਾਂ ਦਾ ਸੁਆਗਤ ਹੈ।”

 

ਉਨ੍ਹਾਂ ਨੇ ਕਿਹਾ, “ਰੱਬ ਹੀ ਜਾਣੇ ਕਿ ਉਹ ਕਿਹੜੇ-ਕਿਹੜੇ ਦੇਸ਼ਾਂ ਵਿੱਚ ਜਾਂਦੇ ਰਹਿੰਦੇ ਹਨ – 'ਮੈਗਨੇਸ਼ੀਆ', 'ਗਾਲਵੇਸੀਆ', 'ਟਾਰਵਿਸੀਆ'। ਉਹ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿੱਚ ਰਹਿਣਾ ਪਸੰਦ ਨਹੀਂ ਕਰਦੇ। ਉਹ ਅਜਿਹੇ ਦੇਸ਼ਾਂ ਵਿੱਚ ਜਾਂਦੇ ਹਨ, ਜਿੱਥੇ ਆਬਾਦੀ ਸਿਰਫ਼ 10,000 ਦੇ ਕਰੀਬ ਹੁੰਦੀ ਹੈ ਅਤੇ ਉਨ੍ਹਾਂ ਨੂੰ ਉਥੇ ਦੇ ਸਭ ਤੋਂ ਉੱਚੇ ਇਨਾਮ ਮਿਲ ਰਹੇ ਹਨ।” ਭਗਵੰਤ ਮਾਨ ਨੇ ਤੰਜ਼ ਮਾਰਦਿਆਂ ਕਿਹਾ, “ਇੱਥੇ ਪੰਜਾਬ ਵਿੱਚ ਤਾਂ ਸਿਰਫ਼ ਇੱਕ JCB ਵੇਖਣ ਲਈ ਹੀ 10,000 ਲੋਕ ਇਕੱਠੇ ਹੋ ਜਾਂਦੇ ਹਨ।”