ਪਟਿਆਲਾ : ਪਟਿਆਲਾ ਦਾ ਪ੍ਰਮੁੱਖ ਜੱਚਾ-ਬੱਚਾ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਇਸ ਸਮੇਂ ਦਵਾਈਆਂ ਦੀ ਘਾਟ ਨਾਲ ਜੂਝ ਰਿਹਾ ਹੈ। ਇਸ ਸਮੇਂ ਹਸਪਤਾਲ ਵਿੱਚ ਸਰਿੰਜਾਂ ਵੀ ਉਪਲਬਧ ਨਹੀਂ ਹਨ। ਮਰੀਜ਼ਾਂ ਨੂੰ ਜ਼ਿਆਦਾਤਰ ਦਵਾਈਆਂ ਬਾਹਰੋਂ ਲਿਆਉਣ ਲਈ ਕਿਹਾ ਜਾ ਰਿਹਾ ਹੈ। ਮਾਤਾ ਕੌਸ਼ੱਲਿਆ ਹਸਪਤਾਲ ਨੂੰ 245 ਕਿਸਮ ਦੀਆਂ ਦਵਾਈਆਂ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਸਮੇਂ ਹਸਪਤਾਲ ਵਿੱਚ 115 ਤਰ੍ਹਾਂ ਦੀਆਂ ਦਵਾਈਆਂ ਹੀ ਉਪਲਬਧ ਹਨ। 



ਦਰਅਸਲ 'ਚ ਮਾਤਾ ਕੌਸ਼ੱਲਿਆ ਹਸਪਤਾਲ ਵਿੱਚ ਰੋਜ਼ਾਨਾ 10-12 ਜਣੇਪੇ ਹੁੰਦੇ ਹਨ। ਇਸ ਦੇ ਬਾਵਜੂਦ ਦਵਾਈਆਂ ਦੀ ਭਾਰੀ ਕਿੱਲਤ ਕਾਰਨ ਮਰੀਜ਼ਾਂ ਵਿੱਚ ਭਾਰੀ ਰੋਸ ਹੈ। ਸਥਿਤੀ ਇਹ ਹੈ ਕਿ ਹਸਪਤਾਲ ਵਿੱਚ ਸਰਿੰਜਾਂ ਵੀ ਉਪਲਬਧ ਨਹੀਂ ਹਨ। ਜਣੇਪੇ ਲਈ ਆਉਣ ਵਾਲੀਆਂ ਔਰਤਾਂ ਨੂੰ ਜ਼ਰੂਰੀ ਦਵਾਈਆਂ ਦੇ ਨਾਲ-ਨਾਲ ਸਰਿੰਜਾਂ ਤੱਕ ਬਾਹਰੋਂ ਦੁਕਾਨ ਤੋਂ ਲਿਆਉਣ ਲਈ ਕਿਹਾ ਜਾ ਰਿਹਾ ਹੈ। 



 

ਇਸ ਸਬੰਧੀ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ: ਵਰਿੰਦਰ ਗਰਗ ਨੇ ਮੰਨਿਆ ਕਿ ਹਸਪਤਾਲ ਵਿੱਚ ਦਵਾਈਆਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਦਵਾਈਆਂ ਦੀ ਸਪਲਾਈ ਲਈ ਲਿਖਿਆ ਗਿਆ ਹੈ। ਉਮੀਦ ਹੈ ਕਿ ਅਗਲੇ 10 ਤੋਂ 15 ਦਿਨਾਂ ਵਿੱਚ ਦਵਾਈਆਂ ਦੀ ਸਪਲਾਈ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਉਦੋਂ ਤੱਕ ਮਰੀਜ਼ ਜਨ ਔਸ਼ਧੀ ਕੇਂਦਰਾਂ ਤੋਂ  ਦਵਾਈਆਂ ਲੈ ਸਕਦੇ ਹਨ, ਜਿੱਥੇ ਦਵਾਈਆਂ ਸਸਤੇ ਵਿੱਚ ਮਿਲਦੀਆਂ ਹਨ।

 

ਦੱਸ ਦੇਈਏ ਕਿ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਵੱਲੋਂ ਸੋਮਵਾਰ ਨੂੰ ਸਰਕਾਰੀ ਰਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ ਤੇ ਸਿਵਲ ਸਰਜਨ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਜਿੱਥੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਤੇ ਦਵਾਈਆਂ ਦੀ ਘਾਟ ਬਾਰੇ ਸਿਹਤ ਮੰਤਰੀ ਨੇ ਜਾਣਕਾਰੀ ਹਾਸਲ ਕੀਤੀ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।