Punjab news: ਪੰਜਾਬ ਸਰਕਾਰ ਦੇ ਮੰਤਰੀ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਬਨਣ ਤੋਂ ਬਾਅਦ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਬਰਨਾਲਾ ਸੀਟ ਖਾਲੀ ਹੋ ਗਈ ਹੈ ਜਿਸ ਉੱਤੇ ਜ਼ਿਮਨੀ ਚੋਣ ਕਰਵਾਈ ਜਾਵੇਗੀ। ਦੱਸ ਦਈਏ ਕਿ ਮੀਤ ਹੇਅਰ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਸੀ ਜਿਸ ਤੋਂ ਬਾਅਦ ਸੰਵਿਧਾਨ ਮੁਤਾਬਕ ਇੱਕ ਸੀਟ ਖਾਲੀ ਕਰਨੀ ਪੈਣੀ ਸੀ ਜਿਸ ਕਰਕੇ ਮੰਤਰੀ ਨੇ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਮੀਤ ਹੇਅਰ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅੱਜ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਮੈਂ ਬਰਨਾਲਾ ਹਲਕਾ ਵਾਸੀਆਂ ਦਾ ਸਦਾ ਰਿਣੀ ਰਹਾਂਗਾ ਜਿਨ੍ਹਾਂ ਮੇਰੇ ਸਿਆਸੀ ਸਫ਼ਰ ਦੀ ਪਹਿਲੀ ਪੁਲਾਂਘ ਤੋਂ ਮੇਰਾ ਡਟ ਕੇ ਸਾਥ ਦਿੱਤਾ। ਹੁਣ ਬਰਨਾਲਾ, ਸੰਗਰੂਰ ਵਾਸੀਆਂ ਅਤੇ ਪੰਜਾਬੀਆਂ ਦੀ ਆਵਾਜ਼ ਦੇਸ਼ ਦੀ ਸੰਸਦ ਵਿੱਚ ਉਠਾਉਣ ਦਾ ਵਿਸ਼ਵਾਸ ਦਿਵਾਉਂਦਾ ਹਾਂ।
ਅਸਤੀਫ਼ਾ ਦੇਣ ਤੋਂ ਪਹਿਲਾਂ ਖਿਡਾਰੀਆਂ ਲਈ ਕੀਤੇ ਐਲਾਨ
ਜ਼ਿਕਰ ਕਰ ਦਈਏ ਕਿ ਅਸਤੀਫ਼ਾ ਦੇਣ ਤੋਂ ਪਹਿਲਾਂ ਮੰਤਰੀ ਮੀਤ ਹੇਅਰ ਨੇ ਐਲਾਨ ਕੀਤਾ ਸੀ ਕਿ ਨਵੀਂ ਨੀਤੀ ਤਹਿਤ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਜਾਣਗੇ। ਓਲੰਪਿਕਸ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮ਼ਗਾ ਜੇਤੂ ਪੰਜਾਬੀ ਖਿਡਾਰੀ ਨੂੰ ਕ੍ਰਮਵਾਰ 3 ਕਰੋੜ, 2 ਕਰੋੜ ਤੇ ਇੱਕ ਕਰੋੜ ਰੁਪਏ ਮਿਲਣਗੇ।
ਕਾਂਗਰਸ ਦੇ ਵਿਧਾਇਕਾਂ ਨੇ ਵੀ ਦਿੱਤੇ ਅਸਤੀਫ਼ੇ
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਤੋਂ ਵਿਧਾਇਕ ਦੇ ਅਹੁਦੇ ਤੋਂ ਅਤੇ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਦਾ ਅਸਤੀਫਾ ਵਿਧਾਨ ਸਭਾ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਅਸਤੀਫ਼ਾ ਦਿੱਤਾ ਸੀ।
ਕਿਹੜੀਆਂ ਸੀਟਾਂ ਉੱਤੇ ਹੋਣਗੀਆਂ ਜ਼ਿਮਨੀ ਚੋਣਾਂ ?
ਇਸ ਵਾਰ ਕੁੱਲ ਚਾਰ ਵਿਧਾਇਕ ਲੋਕ ਸਭਾ ਚੋਣ ਜਿੱਤੇ ਸਨ। ਇਸ ਵਿੱਚ ਕਾਂਗਰਸ ਦੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਬਰਨਾਲਾ ਤੋਂ ‘ਆਪ’ ਦੇ ਵਿਧਾਇਕ ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਰਾਜ ਕੁਮਾਰ ਚੱਬੇਵਾਲ ਸ਼ਾਮਲ ਹਨ। ਇਸ ਤੋਂ ਬਾਅਦ ਚੋਣ ਕਮਿਸ਼ਨ ਇਨ੍ਹਾਂ ਵਿਧਾਇਕਾਂ ਦੀਆਂ ਸੀਟਾਂ 'ਤੇ ਉਪ ਚੋਣਾਂ ਕਰਵਾਉਣ ਬਾਰੇ ਫੈਸਲਾ ਲਵੇਗਾ। ਹਾਲਾਂਕਿ ਜਲੰਧਰ ਪੱਛਮੀ ਸੀਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਜਿੱਥੇ ਹੁਣ ਚੋਣਾਂ ਹੋਣ ਜਾ ਰਹੀਆਂ ਹਨ।