ਚੰਡੀਗੜ੍ਹ: 15 ਦਿਨਾਂ ਵਿੱਚ ਪਿਛਲੇ ਡੇਢ ਸਾਲ ਤੋਂ ਸਾਊਦੀ ਅਰਬ ਵਿੱਚ ਫਸੇ ਕਰੀਬ 500 ਭਾਰਤੀ ਵਾਪਸ ਆ ਰਹੇ ਹਨ। ਦੁਨੀਆ ਦੇ ਕਈ ਮੁਲਕਾਂ ਵਿੱਚ ਇਮਾਰਤਾਂ ਦੀ ਉਸਾਰੀ ਦਾ ਕੰਮ ਕਰਨ ਵਾਲੀ ਸਊਦੀ ਦੀ ਵੱਡੀ ਕੰਪਨੀ ਜੇ ਐਂਡ ਪੀ ਦਾ ਕੰਮ ਬੰਦ ਪਿਆ ਹੈ। ਇਸ ਤੋਂ ਬਾਅਦ ਡੇਢ ਹਜ਼ਾਰ ਤੋਂ ਵੱਧ ਕਾਮੇ ਉੱਥੇ ਫਸੇ ਹਨ। ਇਨ੍ਹਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕ ਵਧੇਰੇ ਹਨ। ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਨੂੰ ਇੱਕ ਸਾਲ ਤੋਂ ਵੱਧ ਦੇ ਸਮੇਂ ਤੋਂ ਤਨਖ਼ਾਹ ਨਹੀਂ ਮਿਲ ਰਹੀ ਸੀ।
ਕੰਪਨੀ ਦੇ ਬੰਦ ਹੋਣ ਮਗਰੋਂ ਇਨ੍ਹਾਂ ਕੋਲ ਗੁਜ਼ਾਰਾ ਕਰਨ ਜੋਗੇ ਪੈਸੇ ਵੀ ਨਹੀਂ ਬਚੇ। ਬਹੁਤਿਆਂ ਕੋਲ ਤਾਂ ਵੀਜ਼ੇ ਤੇ ਟਿਕਟਾਂ ਦੇ ਪੈਸੇ ਵੀ ਨਹੀਂ ਸਨ। ਜਿਨ੍ਹਾਂ ਦੀਆਂ ਟਿਕਟਾਂ ਹੋ ਗਈਆਂ ਹਨ, ਉਨ੍ਹਾਂ ਦੀ ਲਿਸਟ ਸਾਹਮਣੇ ਆ ਗਈ ਹੈ। ਪਹਿਲਾਂ ਇਨ੍ਹਾਂ ਨੂੰ ਭਾਰਤ ਲਿਆਂਦਾ ਜਾਏਗਾ। ਇਸ ਤੋਂ ਬਾਅਦ ਬਾਕੀਆਂ ਨੂੰ ਭਾਰਤ ਵਾਪਸ ਲਿਆਂਦਾ ਜਾਏਗਾ। ਹੁਣ 500 ਭਾਰਤੀਆਂ ਦੇ ਵਾਪਸ ਆਉਣ ਦੀ ਖਬਰ ਬਾਅਦ ਇਨ੍ਹਾਂ ਦੇ ਪਰਿਵਾਰਾਂ ਵਿੱਚ ਇੱਕ ਆਸ ਜ਼ਰੂਰ ਬੱਝੀ ਹੈ। ਪੀੜਤ ਪਰਿਵਾਰਾਂ ਨੂੰ ਲੱਗਦਾ ਹੈ ਕਿ ਕਿਸੇ ਤਰਾਂ ਪਰਿਵਾਰ ਦਾ ਮੁਖੀ ਵਾਪਸ ਆ ਜਾਵੇ ਤੇ ਰੁਕੀ ਹੋਈ ਜ਼ਿੰਦਗੀ ਹੌਲੀ ਹੀ ਸਹੀ, ਪਰ ਲੀਹ 'ਤੇ ਜ਼ਰੂਰ ਆ ਜਾਏ।
ਬਲਬੀਰ ਸਿੰਘ ਇਨ੍ਹਾਂ ਵਿੱਚੋਂ ਹੀ ਸਾਊਦੀ ਵਿੱਚ ਫਸੇ ਇੱਕ ਪੰਜਾਬੀ ਹਨ। ਉਨ੍ਹਾਂ ਦਾ ਘੜ ਜ਼ਿਲ੍ਹਾ ਕਪੂਰਥਲਾ ਦੇ ਢਿਲਵਾਂ ਇਲਾਕੇ ਵਿੱਚ ਸਥਿਤ ਹੈ। ਉਹ ਸੱਤ ਸਾਲ ਪਹਿਲਾਂ ਸਊਦੀ ਗਏ ਸੀ। ਛੇ ਸਾਲ ਤਾਂ ਵਧੀਆ ਲੰਘੇ ਪਰ ਡੇਢ ਸਾਲ ਤੋਂ ਨਾ ਤਨਖਾਹ ਮਿਲੀ ਅਤੇ ਨਾ ਹੀ ਵਾਪਸ ਆਉਣ ਲਈ ਪੈਸਾ-ਧੇਲਾ ਮੌਜੂਦ ਹੈ। ਜਿਹੜਾ ਕਰਜ਼ਾ ਲੈ ਕੇ ਬਲਬੀਰ ਸਿੰਘ ਬਾਹਰ ਗਏ ਸੀ ਉਹ ਵੀ ਹਾਲੇ ਤੱਕ ਲੱਥ ਨਹੀਂ ਸਕਿਆ। ਬਲਬੀਰ ਸਿੰਘ ਦੇ ਵਾਪਸ ਆਉਣ ਦੀ ਖਬਰ ਸੁਣਦਿਆਂ ਮੁਹੱਲੇ ਦੇ ਕਈ ਲੋਕ ਉਨ੍ਹਾਂ ਦੇ ਘਰ ਆਏ। ਬਲਬੀਰ ਦੇ ਪਰਿਵਾਰ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਉਨ੍ਹਾਂ ਦੇ ਕਿਸ ਤਰਾਂ ਬੀਤੇ।
ਬਲਬੀਰ ਸਿੰਘ ਦੇ ਮੁਹੱਲੇ ਦੀ ਹੀ ਰਹਿਣ ਵਾਲੀ ਕੇਵਲ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵੀ ਉਸੇ ਕੰਪਨੀ ਵਿੱਚ ਫਸਿਆ ਹੋਇਆ ਸੀ। ਚਾਰ ਮਹੀਨੇ ਪਹਿਲਾਂ ਇਨ੍ਹਾਂ ਨੇ ਕਿਸੇ ਤਰਾਂ ਬੇਟੇ ਦੀ ਟਿਕਟ ਦੇ ਪੈਸੇ ਭੇਜ ਕੇ ਉਸ ਨੂੰ ਵਾਪਸ ਬੁਲਵਾ ਲਿਆ। ਕੇਵਲ ਕੁਮਾਰੀ ਨੇ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇ ਇੱਥੇ ਹੀ ਕੰਮ ਮਿਲ ਜਾਏ ਤਾਂ ਕੋਈ ਬਾਹਰ ਕਿਉਂ ਜਾਵੇ?
ਇਸ ਤੋਂ ਇਲਾਵਾ 'ਏਬੀਪੀ ਸਾਂਝਾ' ਦੀ ਟੀਮ ਨਾਲ ਗੁਰਬਖਸ਼ ਕੌਰ ਨੇ ਵੀ ਗੱਲਬਾਤ ਕੀਤੀ ਜਿਸ ਦੇ ਪਤੀ ਦੀ ਵਿਦੇਸ਼ ਵਿੱਚ ਮੌਤ ਹੋ ਗਈ। ਪਤੀ ਦੀ ਮੌਤ ਦੇ ਕੁਝ ਦਿਨ ਬਾਅਦ ਪੈਦਾ ਹੋਈ ਬੇਟੀ ਨੇ ਤਾਂ ਬਾਪ ਦਾ ਮੂੰਹ ਵੀ ਨਹੀਂ ਵੇਖਿਆ। ਹੁਣ ਕੱਚੇ ਘਰ ਵਿੱਚ ਰਹਿ ਰਹੀ ਗੁਰਬਖਸ਼ ਨੇ ਆਪਣੇ ਵੱਡੇ ਬੇਟੇ ਨੂੰ ਰੋਜ਼ੀ-ਰੋਟੀ ਲਈ ਬਾਹਰ ਭੇਜਿਆ ਹੈ ਤੇ ਛੋਟਾ ਇੱਥੇ ਹੀ ਮਜ਼ਦੂਰੀ ਕਰਦਾ ਹੈ।
ਸਾਊਦੀ ਵਿੱਚ ਫਸੇ ਪੰਜਾਬੀਆਂ ਦੇ ਪਰਿਵਾਰਾਂ ਦਾ ਬੁਰਾ ਹਾਲ, ਪਿਤਾ ਦਾ ਮੂੰਹ ਵੀ ਨਾ ਵੇਖ ਸਕੀ ਮਾਸੂਮ ਬੱਚੀ
ਏਬੀਪੀ ਸਾਂਝਾ
Updated at:
28 May 2019 07:13 PM (IST)
ਗੁਰਬਖਸ਼ ਕੌਰ ਦੇ ਪਤੀ ਦੀ ਵਿਦੇਸ਼ ਵਿੱਚ ਮੌਤ ਹੋ ਗਈ। ਪਤੀ ਦੀ ਮੌਤ ਦੇ ਕੁਝ ਦਿਨ ਬਾਅਦ ਪੈਦਾ ਹੋਈ ਬੇਟੀ ਨੇ ਤਾਂ ਬਾਪ ਦਾ ਮੂੰਹ ਵੀ ਨਹੀਂ ਵੇਖਿਆ। ਹੁਣ ਕੱਚੇ ਘਰ ਵਿੱਚ ਰਹਿ ਰਹੀ ਗੁਰਬਖਸ਼ ਨੇ ਆਪਣੇ ਵੱਡੇ ਬੇਟੇ ਨੂੰ ਰੋਜ਼ੀ-ਰੋਟੀ ਲਈ ਬਾਹਰ ਭੇਜਿਆ ਹੈ ਤੇ ਛੋਟਾ ਇੱਥੇ ਹੀ ਮਜ਼ਦੂਰੀ ਕਰਦਾ ਹੈ।
- - - - - - - - - Advertisement - - - - - - - - -