Punjab Weather Update: ਹਰਿਆਣਾ ਤੇ ਪੰਜਾਬ ਵਿੱਚ ਕੜਾਕੇ ਦੀ ਗਰਮੀ ਜਾਰੀ ਹੈ। ਦੋਵਾਂ ਰਾਜਾਂ ਵਿੱਚ ਪਾਰਾ 40 ਡਿਗਰੀ ਸੈਲਸੀਅਸ ਤੋਂ ਉਪਰ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।



ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਮੰਗਲਵਾਰ ਤੇ ਬੁੱਧਵਾਰ ਨੂੰ ਦੱਖਣੀ ਪੰਜਾਬ ਅਤੇ ਹਰਿਆਣਾ ਵਿੱਚ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲ ਸਕਦੀਆਂ ਹਨ।


ਦੱਸ ਦਈਏ ਕਿ ਪੰਜਾਬ ਵਿੱਚ ਅਪ੍ਰੈਲ ਦੇ ਸ਼ੁਰੂ ਤੋਂ ਹੀ ਅੱਗ ਵਰ੍ਹ ਰਹੀ ਹੈ। ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਗਰਮੀ ਦਾ ਕਹਿਰ ਜਾਰੀ ਸੀ। ਐਤਵਾਰ ਨੂੰ ਲਗਪਗ ਸਾਰੇ ਜ਼ਿਲ੍ਹਿਆਂ ਵਿੱਚ ਹੀਟ ਵੇਵ ਸ਼ੁਰੂ ਹੋ ਗਈ। ਐਤਵਾਰ ਨੂੰ ਵੀ ਅੰਮ੍ਰਿਤਸਰ, ਮੋਗਾ, ਤਰਨ ਤਾਰਨ, ਜਲੰਧਰ, ਕਪੂਰਥਲਾ, ਐਸਏਐਸ ਨਗਰ ਵਿੱਚ ਗਰਮੀ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ।


ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਇਸ ਤੋਂ ਪਹਿਲਾਂ ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਬਰਨਾਲਾ, ਮਾਨਸਾ, ਬਠਿੰਡਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮੁਕਤਸਰ, ਫਾਜ਼ਿਲਕਾ ਵਿੱਚ ਹੀਟਵੇਵ ਚੱਲ ਰਹੀ ਸੀ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ ਲਗਾਤਾਰ ਤੀਜੇ ਦਿਨ 40 ਡਿਗਰੀ ਤੋਂ ਉਪਰ ਰਿਹਾ। 11 ਸਾਲਾਂ 'ਚ ਇਹ ਪਹਿਲੀ ਵਾਰ ਹੈ ਕਿ ਅਪ੍ਰੈਲ ਦੇ ਦੂਜੇ ਹਫਤੇ ਹੀ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ।


ਕੇਂਦਰ ਦੇ ਨਿਰਦੇਸ਼ਕ ਡਾ: ਮਨਮੋਹਨ ਸਿੰਘ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਦਿਨ ਵੇਲੇ ਗਰਮ ਹਵਾਵਾਂ ਚੱਲਣਗੀਆਂ। ਗਰਮੀ ਦਾ ਕਹਿਰ ਲੋਕਾਂ ਨੂੰ ਝੁਲਸਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ। ਅਜਿਹੇ 'ਚ ਲੋਕਾਂ ਨੂੰ ਸੁਰੱਖਿਅਤ ਰਹਿਣਾ ਚਾਹੀਦਾ ਹੈ। 13 ਅਪ੍ਰੈਲ ਤੋਂ ਹਿਮਾਚਲ ਦੇ ਉਪਰਲੇ ਇਲਾਕਿਆਂ 'ਚ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਜਿਸ ਕਾਰਨ ਹਿਮਾਚਲ 'ਚ ਬੱਦਲਵਾਈ ਰਹਿ ਸਕਦੀ ਹੈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦਾ ਅਸਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਤੇ ਵੀ ਪਵੇਗਾ। ਹਿਮਾਚਲ ਦੀ ਬਾਰਿਸ਼ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਇੱਕ-ਦੋ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲੇਗੀ।