ਬਠਿੰਡਾ: ਪੰਜਾਬ ਸਰਕਾਰ ਵੱਲ਼ੋਂ ਕਿਸਾਨਾਂ ਦੀਆਂ ਮੋਟਰਾਂ 'ਤੇ ਮੀਟਰ ਲਾਉਣ ਦੇ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਸਿਆਸੀ ਪਾਰਟੀਆਂ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਬਸਿਡੀ ਦਾ ਝਾਂਸਾ ਦੇ ਕੇ ਮੀਟਰ ਲਾ ਰਹੀ ਹੈ ਤੇ ਬਾਅਦ ਵਿੱਚ ਕਿਸਾਨਾਂ ਉੱਪਰ ਬਿੱਲ਼ ਥੋਪ ਦੇਵੇਗੀ। ਬਠਿੰਡਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਏ ਗਏ ਪੰਜ ਰੋਜ਼ਾ ਧਰਨੇ ਦੇ ਚੌਥੇ ਦਿਨ ਅੱਜ ਕੈਬਨਿਟ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਵੱਡੀ ਗਿਣਤੀ ਕਿਸਾਨਾਂ ਵੱਲੋਂ ਮਾਰਚ ਕੱਢਣ ਤੋਂ ਬਾਅਦ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਉਹ ਮੀਟਰ ਲਵਾਉਣ ਤੋਂ ਇਨਕਾਰ ਨਹੀਂ ਕਰਦੇ ਪਰ ਇਹ ਮੀਟਰ ਅਮੀਰ ਕਿਸਾਨਾਂ ਦੀਆਂ ਮੋਟਰਾਂ 'ਤੇ ਲੱਗਣੇ ਚਾਹੀਦੇ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਅਮੀਰ ਕਿਸਾਨਾਂ ਕੋਲੋਂ ਟੈਕਸ ਵੀ ਵਸੂਲਿਆ ਜਾਣਾ ਚਾਹੀਦਾ ਹੈ। ਉਹੀ ਸਬਸਿਡੀ ਛੋਟੇ ਕਿਸਾਨਾਂ ਵਿੱਚ ਵੰਡਣੀ ਚਾਹੀਦੀ ਹੈ। ਕਿਸਾਨ ਜਥੇਬੰਦੀ ਦੇ ਲੀਡਰਾਂ ਨੇ ਕਿਹਾ ਕਿ ਉਹ ਇਸ ਫ਼ੈਸਲੇ ਦਾ ਪੂਰਾ ਵਿਰੋਧ ਕਰਨਗੇ ਤੇ ਕਿਸੇ ਵੀ ਹਾਲਤ ਵਿੱਚ ਪੰਜਾਬ ਸਰਕਾਰ ਨੂੰ ਇਹ ਫੈਸਲਾ ਲਾਗੂ ਨਹੀਂ ਕਰਨ ਦੇਣਗੇ। ਪੰਜਾਬ ਸਰਕਾਰ ਵੱਲੋਂ ਲਏ ਇਸ ਫ਼ੈਸਲੇ ਨੂੰ ਲੈ ਕੇ ਕਿਸਾਨ ਕਾਫ਼ੀ ਚਿੰਤਤ ਨਜ਼ਰ ਆਏ ਕਿਸਾਨਾਂ ਨੇ ਕਿਹਾ ਕਿ ਸਾਨੂੰ ਕੈਪਟਨ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਪਹਿਲਾਂ ਤੋਂ ਹੀ ਮੁਸ਼ਕਲਾਂ ਨਾਲ ਘਿਰੇ ਕਿਸਾਨ ਉੱਪਰ ਸਰਕਾਰ ਹੋਰ ਵਾਧੂ ਬੋਝ ਪਾਉਣ ਜਾ ਰਹੀ ਹੈ। ਕਿਸਾਨਾਂ ਦੇ ਨਾਲ ਨਾਲ ਔਰਤਾਂ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ।