ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਤਿੰਨ ਅੱਤਵਾਦੀ ਸੰਗਠਨਾਂ ਦੇ ਮੈਂਬਰਾਂ ਦੀ ਪੂਰੀ ਜਾਣਕਾਰੀ ਮੰਗੀ ਹੈ। ਇਸ ਬਾਰੇ ਪੂਰੀ ਰਿਪੋਰਟ ਪੰਜਾਬ ਸਰਕਾਰ ਨੇ ਹਫਤੇ ਦੇ ਅੰਦਰ-ਅੰਦਰ ਦੇਣੀ ਹੈ। ਇਸ ਲਈ ਸੂਬੇ ਦੇ ਗ੍ਰਹਿ ਵਿਭਾਗ ਨੇ ਇਨ੍ਹਾਂ ਦੀ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।


ਇਨ੍ਹਾਂ ਸੰਗਠਨਾਂ ‘ਚ ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਸ਼ਾਮਲ ਹੈ। ਇਨ੍ਹਾਂ ਸੰਗਠਨਾਂ ਨਾਲ ਸਬੰਧਤ ਮੈਂਬਰ ਪਟਿਆਲਾ, ਅੰਮ੍ਰਿਤਸਰ, ਬਠਿੰਡਾ ਤੇ ਜਲੰਧਰ ਦੀਆਂ ਜੇਲ੍ਹਾਂ ‘ਚ ਬੰਦ ਹਨ। ਸੂਤਰਾਂ ਮੁਤਾਬਕ ਇਨਪੁਟ ਮਿਲਿਆ ਹੈ ਕਿ ਇਨ੍ਹਾਂ ਸੰਗਠਨਾਂ ਨਾਲ ਸਬੰਧਤ ਲੋਕ ਜੋ ਵਿਦੇਸ਼ਾਂ ‘ਚ ਬੈਠੇ ਹਨ, ਇਨ੍ਹਾਂ ਨਾਲ ਲਗਾਤਾਰ ਸੰਪਰਕ ‘ਚ ਹਨ, ਜੋ ਸੂਬੇ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਪੰਜਾਬ ‘ਚ ਪਿਛਲੇ ਦਿਨੀਂ ਹਥਿਆਰਾਂ ਸਣੇ ਅੱਤਵਾਦੀ ਫੜੇ ਗਏ ਸੀ, ਉਹ ਇਨ੍ਹਾਂ ਦੀ ਯੋਜਨਾ ਦਾ ਹਿੱਸਾ ਸੀ।

ਆਈਬੀ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਮੈਂਬਰ ਜੇਲ੍ਹਾਂ ‘ਚ ਬੈਠ ਕੇ ਹੀ ਮੋਬਾਈਲ ਤੇ ਇੰਟਰਨੈੱਟ ਜ਼ਰੀਏ ਆਪਣੇ ਸਾਥੀਆਂ ਨਾਲ ਸੰਪਰਕ ਕਰਨ ‘ਚ ਕਾਮਯਾਬ ਰਹੇ ਹਨ। ਉਹ ਕਿਸੇ ਵਾਰਦਾਰਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਕਿ ਉਹ ਅਜਿਹੇ ਕੈਦੀਆਂ ਦੀਆਂ ਬੈਰਕਾਂ ਦੀ ਚੈਕਿੰਗ ਕਰਦੇ ਰਹਿਣ।

ਆਈਬੀ ਤੋਂ ਮਿਲੇ ਅਲਰਟ ਮਗਰੋਂ ਪੁਲਿਸ ਵੀ ਚੌਕਸ ਹੋ ਗਈ ਹੈ। ਡੀਜੀਪੀ ਨੇ ਪੁਲਿਸ ਅਧਿਕਾਰੀਆਂ ਤੇ ਜੇਲ੍ਹ ਅਧਿਕਾਰੀਆਂ ਨੂੰ ਅਲਰਟ ਕਰ ਦਿੱਤਾ ਹੈ। ਜੇਲ੍ਹ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਲੋਕਾਂ ਨੂੰ ਸਪੈਸ਼ਲ ਬੈਰਕਾਂ ‘ਚ ਰੱਖਣ ਤੇ ਉਨ੍ਹਾਂ ‘ਤੇ ਖਾਸ ਨਜ਼ਰ ਰੱਖੀ ਜਾਵੇ ਤਾਂ ਜੋ ਹਰ ਗਤੀਵਿਧੀ ਦੀ ਜਾਣਕਾਰੀ ਮਿਲਦੀ ਰਹੇ।

ਦੱਸ ਦਈਏ ਕਿ ਹਾਲ ਹੀ ‘ਚ ਲੁਧਿਆਣਾ ਤੋਂ ਫੜੇ ਗਏ ਖਾਲਿਸਤਾਨੀ ਸਮਰੱਥਕਾਂ ਨੇ ਖੁਲਾਸਾ ਕੀਤਾ ਹੈ ਕਿ ਹਿੰਦੂ ਨੇਤਾਵਾਂ ਦੇ ਕਤਲ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹਿੰਦੂ ਨੇਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੇ ਇੰਟੈਲੀਜੈਂਸ ਤੇ ਦੂਜੀਆਂ ਖੁਫੀਆ ਏਜੰਸੀ ਦੇ ਅਧਿਕਾਰੀਆਂ ‘ਚ ਇੱਕ ਬੈਠਕ ਹੋਈ ਹੈ।

ਆਈਬੀ ਕੋਲ ਲਗਾਤਾਰ ਜਾਣਕਾਰੀ ਆਈ ਹੈ ਕਿ ਪਾਕਿ ਹੁਣ ਪੰਜਾਬ ਦੇ ਖਾਲਿਸਤਾਨੀ ਸਮਰੱਥਕਾਂ ‘ਤੇ ਗੜਬੜੀ ਕਰਨ ਦਾ ਦਬਾਅ ਬਣਾ ਰਿਹਾ ਹੈ। ਪੰਜਾਬ ਪੁਲਿਸ ਤੇ ਆਈਬੀ ਇੱਕ-ਦੂਜੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਨ।