Floods in Punjab: ਭਾਰੀ ਮੀਂਹ ਦੇ ਚਲਦਿਆਂ ਮਾਛੀਵਾੜਾ ਸਾਹਿਬ ਦੇ ਨੇੜੇ ਸਤਲੁਜ ਦਰਿਆ ਦੇ ਵਿੱਚ ਰੋਪੜ ਹੈਡ ਵਰਕਸ ਤੋਂ ਪਾਣੀ ਛੱਡਣ ਨਾਲ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜਿਸ ਨਾਲ ਦਰਿਆ ਦੇ ਕੰਢੇ ਝੁਗੀਆਂ ਝੌਂਪੜੀਆਂ ਵਿੱਚ ਪਰਿਵਾਰਾਂ ਸਮੇਤ ਰਹਿੰਦੇ ਪਰਵਾਸੀ ਮਜ਼ਦੂਰ ਪਾਣੀ ਦੇ ਤੇਜ਼ ਵਹਾਅ ਵਿਚ ਫਸ ਗਏ।  ਜਿਨ੍ਹਾਂ ਨੂੰ ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਪ੍ਰਸ਼ਾਸਨ ਦੀ ਮੁਸਤੈਦੀ ਦੇ ਚਲਦਿਆਂ ਰੈਸਕਿਉ ਕੀਤਾ ਗਿਆ । 


ਇਸ ਮੌਕੇ ਜਗਤਾਰ ਸਿੰਘ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵਧਣ ਨਾਲ ਦਰਿਆ ਦੇ ਕੰਢੇ ਤੇ ਝੁਗੀਆਂ ਝੋਪੜੀਆਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰ ਜੋ ਕਿ ਸਬਜ਼ੀ ਦੀ ਖੇਤੀ ਕਰਦੇ ਹਨ ਤੇ ਦਰਿਆ ਦੇ ਪਾਣੀ ਵਿੱਚ ਫਸ ਗਏ ਜਿਨ੍ਹਾਂ ਨੂੰ ਰੈਸਕਿਉ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਿਚੋਂ ਕੁਝ ਪਰਿਵਾਰਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ ਤੇ ਬਾਕੀ ਪਰਿਵਾਰਾਂ ਨੂੰ ਵੀ ਬਾਹਰ ਕੱਢਿਆ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਨਾਲ ਦੇ ਪਿੰਡ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ। ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਆਸਪਾਸ ਦੇ ਪਿੰਡਾਂ ਨੂੰ ਵੀ ਅਲਰਟ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਵਲੋਂ ਵੀ ਪੂਰੀ ਚੌਕਸੀ ਕੀਤੀ ਜਾ ਰਹੀ ਹੈ।


ਇਸ ਮੌਕੇ ਪਾਣੀ ਵਿਚ ਫਸੇ ਪਰਵਾਸੀ ਮਜ਼ਦੂਰ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਦੀਵਾਲੀ ਤੋਂ ਇਸ ਜਗ੍ਹਾ ਤੇ ਰਹਿ ਰਹੇ ਹਨ ਤੇ ਬੀਤੀ ਰਾਤ ਕਰੀਬ 2 ਵਜੇ ਦਰਿਆ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਉਹ ਫਸ ਗਏ ਉਸ ਨੇ ਦੱਸਿਆ ਕਿ ਇਥੇ ਕਰੀਬ 11 ਪਰਿਵਾਰਾਂ ਦੇ ਲਗਭਗ 45 ਤੋਂ 50 ਵਿਅਕਤੀ ਰਹਿਦੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਬਾਹਰ ਕੱਢਿਆ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।