ਚੰਡੀਗੜ੍ਹ : ਪੰਜਾਬ 'ਚ ਹੁਣ ਲੋਕਾਂ ਨੂੰ ਦੁੱਧ ਲਈ ਜ਼ਿਆਦਾ ਪੈਸੇ ਖਰਚਣੇ ਪੈਣਗੇ। ਅਮੂਲ ਤੋਂ ਬਾਅਦ ਪੰਜਾਬ ਦੇ ਸਭ ਤੋਂ ਵੱਡੇ ਦੁੱਧ ਉਤਪਾਦਕਾਂ ਵਿੱਚੋਂ ਇੱਕ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਸ਼ੁੱਕਰਵਾਰ ਯਾਨੀ ਅੱਜ ਤੋਂ ਲਾਗੂ ਹੋਣਗੀਆਂ। ਦੁੱਧ ਦੀਆਂ ਵਧੀਆਂ ਕੀਮਤਾਂ ਦਾ ਅਸਰ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਅਤੇ ਪੰਚਕੂਲਾ 'ਤੇ ਵੀ ਪਵੇਗਾ। ਵੇਰਕਾ ਸੂਬੇ ਵਿੱਚ ਹਰ ਰੋਜ਼ 12 ਲੱਖ ਲੀਟਰ ਦੁੱਧ ਵੇਚਦਾ ਹੈ।
ਹਾਲ ਹੀ ਵਿੱਚ ਅਮੂਲ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਹੁਣ ਵੇਰਕਾ ਨੇ ਵੀ 2 ਰੁਪਏ ਦੁੱਧ ਦਾ ਰੇਟ ਵਧਾਉਣ ਦਾ ਫੈਸਲਾ ਕੀਤਾ ਹੈ। ਵੇਰਕਾ ਨੇ ਪਿਛਲੇ ਮਹੀਨੇ ਦਹੀਂ, ਮੱਖਣ ਅਤੇ ਦੇਸੀ ਘਿਓ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਕੰਪਨੀ ਮੈਨੇਜਮੈਂਟ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਪਿੱਛੇ ਲਾਗਤ ਵਿੱਚ ਵਾਧਾ ਹੋਣਾ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਨਵੇਂ ਰੇਟ ਮੁਤਾਬਕ ਹੁਣ ਲੋਕਾਂ ਨੂੰ ਸਟੈਂਡਰਡ ਅੱਧਾ ਲੀਟਰ ਦੁੱਧ 28 ਰੁਪਏ ਵਿੱਚ, ਇੱਕ ਲੀਟਰ 55 ਰੁਪਏ ਵਿੱਚ, ਡੇਢ ਲੀਟਰ ਦੁੱਧ ਦਾ ਪੈਕੇਟ 80 ਰੁਪਏ ਵਿੱਚ, ਅੱਧਾ ਲੀਟਰ ਡਬਲ ਟੋਨਡ ਦੁੱਧ 23 ਰੁਪਏ ਵਿੱਚ ਮਿਲੇਗਾ। ਲੋਕਾਂ ਨੂੰ ਫੁੱਲ ਕਰੀਮ ਅੱਧਾ ਲੀਟਰ ਦੁੱਧ ਲਈ 31 ਰੁਪਏ ਅਤੇ ਇੱਕ ਲੀਟਰ ਲਈ 61 ਰੁਪਏ ਦੇਣੇ ਪੈਣਗੇ। ਅੱਧਾ ਲੀਟਰ ਗਾਂ ਦੇ ਦੁੱਧ ਦੀ ਕੀਮਤ 26 ਰੁਪਏ ਹੋਵੇਗੀ।
ਅਮੂਲ ਦੁੱਧ ਵੀ ਦੋ ਰੁਪਏ ਪ੍ਰਤੀ ਲੀਟਰ ਮਹਿੰਗਾ
ਹਾਲ ਹੀ ਵਿੱਚ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮੂਲ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮਦਰ ਡੇਅਰੀ ਨੇ ਵੀ ਦੁੱਧ ਦੇ ਭਾਅ ਵਧਾ ਦਿੱਤੇ ਹਨ। ਨਵੀਆਂ ਦਰਾਂ 17 ਅਗਸਤ 2022 ਤੋਂ ਲਾਗੂ ਹੋ ਚੁੱਕੀਆਂ ਹਨ। ਅਮੂਲ ਦੁੱਧ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਇਹ ਵਾਧਾ ਗੁਜਰਾਤ ਦੇ ਅਹਿਮਦਾਬਾਦ ਅਤੇ ਸੌਰਾਸ਼ਟਰ ਤੋਂ ਇਲਾਵਾ ਦਿੱਲੀ ਅਤੇ ਐਨਸੀਆਰ, ਪੱਛਮੀ ਬੰਗਾਲ, ਮੁੰਬਈ ਅਤੇ ਹੋਰ ਸਾਰੀਆਂ ਥਾਵਾਂ 'ਤੇ ਲਾਗੂ ਹੈ। ਇਥੇ ਅਮੂਲ ਦੇ ਉਤਪਾਦ ਵੇਚੇ ਜਾਂਦੇ ਹਨ। ਨਵੀਆਂ ਦਰਾਂ ਦੇ ਐਲਾਨ ਤੋਂ ਬਾਅਦ ਅਮੂਲ ਮਿਲਕ ਦੇ ਗੋਲਡ, ਤਾਜ਼ਾ ਅਤੇ ਸ਼ਕਤੀ ਬ੍ਰਾਂਡਾਂ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।