Punjab News:  ਸੂਬਾ ਸਰਕਾਰ ਨੇ ਸਿੱਖਿਆ ਕ੍ਰਾਂਤੀ 54 ਦਿਨਾਂ ਸਿੱਖਿਆ ਉਤਸਵ ਦੀ ਸ਼ੁਰੂਆਤ ਕੀਤੀ, ਜਿਸ ਵਿੱਚ 12,000 ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੇ ਨਵੇਂ ਵਿਕਸਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਲੈ ਲਗਾਤਾਰ ਸਰਕਾਰ ਘਿਰਦੀ ਜਾ ਰਹੀ ਹੈ, ਪਹਿਲਾਂ ਪਖਾਨਿਆਂ ਦੀ ਮੁਰੰਮਤ ਨੂੰ ਲੈ ਕੇ ਵਿਵਾਦ ਹੋਇਆ ਤੇ ਹੁਣ ਇੱਕ ਨਵਾਂ ਵਿਵਾਦ ਸਾਹਮਣੇ ਆਇਆ ਹੈ ਜਿਸ ਨੂੰ ਅਕਾਲੀ ਦਲ ਨੇ ਪੈਸੇ ਦੀ ਬਰਬਾਦੀ ਦੱਸਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਲਿਖਿਆ, ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਰਾਸ਼ਟਰੀ ਗੀਤ ਦਾ ਕੀਤਾ ਅਪਮਾਨ। ਸਰਕਾਰੀ ਸਕੂਲ, ਪਿੰਡ ਘੁੱਕੇਵਾਲੀ ( ਹਲਕਾ ਅਜਨਾਲਾ) ਵਿਖੇ ਆਪਣੇ ਨਾਮ ਦਾ ਪੱਥਰ ਰਾਸ਼ਟਰੀ ਗੀਤ ਉੱਪਰ ਲਗਵਾ ਦਿੱਤਾ।  ਇਹ ਅਪਮਾਨ ਲਈ ਕੈਬਨਿਟ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸਿੱਖਿਆ ਕ੍ਰਾਂਤੀ ਦੇ ਨਾਮ 'ਤੇ ਕੀਤਾ ਜਾ ਰਿਹਾ ਇਹ ਡਰਾਮਾ ਬੰਦ ਹੋਵੇ ਤੇ ਪੰਜਾਬ ਦੇ ਖਜ਼ਾਨੇ ਦੀ ਬਰਬਾਦੀ ਵੀ ਰੋਕੀ ਜਾਵੇ।

ਉਧਰ ਸੋਸ਼ਲ ਮੀਡੀਆ ’ਤੇ ਵੀ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਦੌੜ ਅਧੀਨ ਪੈਂਦੇ ਪਿੰਡ ਘੁੰਨਸ ਵਿਚ ਸਕੂਲ ਦੇ ਪਖਾਨਿਆਂ ਦੀ ਮੁਰੰਮਤ ਸਬੰਧੀ ਲਗਾਏ ਪੱਥਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਆਪਣੇ ਐਕਸ ਹੈਂਡਲ ’ਤੇ ਸਾਂਝਾ ਕਰਦਿਆਂ ਆਪ ਸਰਕਾਰ ’ਤੇ ਤੰਨਜ ਕੱਸਿਆ ਹੈ। ਉਨ੍ਹਾਂ ਸਵਾਲ ਕੀਤਾ, ‘‘ਕੀ ਪਖਾਨਿਆਂ ਦੀ ਮੁਰਮੰਤ ਹੈ ਸਿੱਖਿਆ ਕ੍ਰਾਂਤੀ ?

ਦੱਸ ਦਈਏ ਕਿ ਆਪ ਸਰਕਾਰ ਦੀ ਸਕੂਲਾਂ ਵਿੱਚ ਚੱਲ ਰਹੀ ਉਦਘਾਟਨ ਕ੍ਰਾਂਤੀ ਨੂੰ ਵਿਰੋਧੀਆਂ ਵਲੋਂ ਨਿਸ਼ਾਨੇ ਉੱਤੇ ਲਏ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਅੱਜ ਤੋਂ ਸਕੂਲ ਪਖਾਨਿਆਂ ਦੇ ਉਦਘਾਟਨ ਪੱਥਰ ਰੱਖਣ ’ਤੇ ਰੋਕ ਲਗਾ ਦਿੱਤੀ ਸੀ। ਸਿੱਖਿਆ ਵਿਭਾਗ ਵੱਲੋਂ  ਤੜਕਸਾਰ ਇਕ ਟਵੀਟ ਕਰਕੇ ਸਕੂਲ ਮੁਖੀਆਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਵਿਚ ਲਿਖਿਆ ਗਿਆ ਹੈ ਕਿ ਸਕੂਲਾਂ ਵਿੱਚ ਅੱਜ ਹੋਣ ਵਾਲੇ ਬਾਕੀ ਈਵੈਂਟ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ, ਪਰ ਸਕੂਲਾਂ ਵਿੱਚ ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨੀ ਪੱਥਰ ਨਹੀਂ ਲਗਾਏ ਜਾਣਗੇ।