Bomb Blast Update: ਪੰਜਾਬ ਦੇ ਵਿੱਚ ਗ੍ਰੇਨੇਡ ਹਮਲਿਆਂ ਦਾ ਖੌਫ ਵੱਧਦਾ ਹੀ ਜਾ ਰਿਹਾ ਹੈ। ਹੁਣ ਪੰਜਾਬ ਵਿੱਚ BJP ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਗ੍ਰੇਨੇਡ ਵਰਗੀ ਸਮੱਗਰੀ ਸੁੱਟ ਕੇ ਧਮਾਕਾ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਮੋਹਿੰਦਰ ਭਗਤ ਵੱਲੋਂ ਇਸ ਦੇ ਪਿੱਛੇ ਲਾਰੈਂਸ ਬਿਸ਼ੋਨਈ ਦਾ ਹੱਥ ਹੋਣ ਦਾ ਇਸ਼ਾਰਾ ਕੀਤਾ ਗਿਆ ਹੈ ਪਰ ਇਸ ਮੌਕੇ ਉਹ ਬਦਮਾਸ਼ ਬਿਸ਼ਨੋਈ ਨਹੀਂ ਸਗੋਂ ਲਾਰੈਂਸ ਬਿਸ਼ਨੋਈ ਜੀ ਕਹਿ ਰਹੇ ਹਨ।
ਜ਼ਿਕਰ ਕਰ ਦਈਏ ਕਿ ਭਾਜਪਾ ਲੀਡਰ ਮਨੋਰੰਜਨ ਕਾਲੀਆ ਦੇ ਘਰ ਉੱਤੇ ਹੋਏ ਗ੍ਰੈਨੇਡ ਹਮਲੇ ਤੋਂ ਬਾਅਦ ਕੈਬਨਿਟ ਮੰਤਰੀ ਮੋਹਿੰਦਰ ਭਗਤ ਤੇ ਸੀਨੀਅਰ ਆਗੂ ਦੀਪਕ ਬਾਲੀ ਪਹੁੰਚੇ। ਇਸ ਮੌਕੇ ਉਨ੍ਹਾਂ ਮੀਡੀਆ ਦੇ ਮੁਖਾਤਬ ਹੁੰਦਿਆਂ ਕਿ ਕੁਝ ਲੋਕਾਂ ਨੂੰ ਪੰਜਾਬ ਵਿੱਚ ਸ਼ਾਂਤੀ ਬਰਦਾਸ਼ਤ ਨਹੀਂ ਹੋ ਰਹੀ ਹੈ। ਇਹ ਸਾਜ਼ਿਸ਼ਾਂ ਪਾਕਿਸਤਾਨ ਵੱਲੋਂ ਹੋ ਰਹੀਆਂ ਨੇ ਜੋ ਕਿ ਪਹਿਲਾਂ ਵੀ ਹੁੰਦੀਆਂ ਆਈਆਂ ਹਨ। ਇਹ ਵਾਰਦਾਤ ਸਿਰਫ਼ ਪੰਜਾਬ ਦੀ ਸਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਕੀਤੀ ਗਈ ਹੈ ਜੋ ਵੀ ਇਸ ਦੇ ਪਿਛੇ ਦੋਸ਼ੀ ਹੈ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਮੰਤਰੀ ਬਦਮਾਸ਼ਾਂ ਤੇ ਗ਼ੁੰਡਿਆ ਨੂੰ ਪੂਰਾ ਆਦਰ ਸਤਿਕਾਰ ਦਿੰਦੇ ਵੀ ਨਜ਼ਰ ਆਏ ਹਨ। ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਪਾਕਿਸਤਾਨ ਦੇ ਭੱਟੀ ਜੀ ਤੇ ਲਾਰੈਂਸ ਜੀ ਨੇ ਆਪਸ ਵਿੱਚ ਗੱਲਬਾਤੀ ਕੀਤੀ ਸੀ। ਇਹੋ ਜਿਹੇ ਲੋਕ ਚਾਹੁੰਦੇ ਹਨ ਕਿ ਪੰਜਾਬ ਦੀ ਕਿਸੇ ਤਰ੍ਹਾਂ ਨਾਲ ਸ਼ਾਂਤੀ ਭੰਗ ਕੀਤੀ ਜਾਵੇ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੀਡਰ ਦੀਪਕ ਬਾਲੀ ਨੇ ਕਿਹਾ ਕਿ ਲਾਰੈਂਸ਼ ਬਿਸ਼ਨੋਈ ਨੂੰ ਕੇਂਦਰ ਨੇ ਸਾਂਭ ਕੇ ਰੱਖਿਆ ਹੋਇਆ ਹੈ ਤੇ ਹੁਣ ਉਹ ਸਾਜ਼ਿਸ਼ ਤਹਿਤ ਪੰਜਾਬ ਦੀ ਸਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕੈਬਨਿਟ ਮੰਤਰੀ ਵੱਲੋਂ ਬਦਮਾਸ਼ਾਂ ਨੂੰ ਜੀ ਕਹਿ ਕੇ ਸੰਬੋਧਨ ਕਰਨਾ ਇੱਕ ਵਾਰ ਤਾਂ ਹਰ ਕਿਸੇ ਨੂੰ ਰੜਕਿਆ ਹੈ।
ਵਿਰੋਧੀ ਧਿਰਾਂ ਨੇ ਘੇਰੀ ਪੰਜਾਬ ਸਰਕਾਰ
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਪੰਜਾਬ 'ਚ ਗ੍ਰੈਨਡ ਹਮਲੇ ਰੁਕ ਨਹੀਂ ਰਹੇ। ਪੁਲਿਸ ਸਟੇਸ਼ਨਾਂ ਤੋਂ ਬਾਅਦ ਹੁਣ ਰਾਜਨੀਤਿਕ ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਰ ਰਾਤ ਭਾਜਪਾ ਆਗੂ ਸ੍ਰੀ ਮਨੋਰੰਜਨ ਕਾਲੀਆ ਦੇ ਘਰ ਗ੍ਰੈਨੇਡ ਹਮਲਾ ਹੋਇਆ। ਜ਼ਿਕਰਯੋਗ ਹੈ ਕਿ ਮਨੋਰੰਜਨ ਕਾਲੀਆ ਜੀ ਦਾ ਘਰ ਥਾਣੇ ਤੋਂ ਮਹਿਜ 100 ਮੀਟਰ ਦੀ ਦੂਰੀ 'ਤੇ ਹੈ। ਅਜਿਹੇ ਹਮਲੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਹਮਲੇ ਹਨ ਅਤੇ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਲੈ ਜਾਣਗੇ ! ਪੰਜਾਬ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਗਵੰਤ ਮਾਨ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਤੌਰ 'ਤੇ ਫੇਲ੍ਹ ਸਾਬਿਤ ਹੋਏ ਹੋ ! ਤੁਰੰਤ ਅਸਤੀਫ਼ਾ ਦਿਓ ਤਾਂ ਜੋ ਪੰਜਾਬ ਦਾ ਹੋਰ ਨੁਕਸਾਨ ਨਾ ਹੋ ਜਾਏ