Ludhiana News: ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਅੱਜ ਸਾਂਝੇ ਤੌਰ ਤੇ ਵਾਰਡ ਨੰਬਰ 7 ਦੇ ਤਿਲਕ ਨਗਰ ਵਿਖੇ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਅਤੇ ਚੇਅਰਮੈਨ ਭਿੰਡਰ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਸਰਕਾਰ ਕੋਲ ਫੰਡਾਂ ਦੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ। ਉਨਾਂ ਸੂਬੇ ਦੀਆਂ ਸਾਬਕਾ ਸਰਕਾਰਾਂ ਤੇ ਤੰਜ ਕਸਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਖਜ਼ਾਨਾ ਮੰਤਰੀਆਂ ਵੱਲੋਂ ਹਮੇਸ਼ਾ ਹੀ ਇਹ ਰਾਗ ਅਲਾਪਿਆ ਜਾਂਦਾ ਸੀ ਕਿ ਉਹਨਾਂ ਦਾ ਖਜ਼ਾਨਾ ਖਾਲੀ ਹੈ।
ਗਰੇਵਾਲ ਅਤੇ ਭਿੰਡਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਖਜ਼ਾਨਾ ਮੰਤਰੀ ਵੱਲੋਂ ਕਦੇ ਵੀ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕੀ ਸੂਬੇ ਅੰਦਰ ਵਿਕਾਸ ਦੇ ਕੰਮ ਨਹੀਂ ਰੁਕਣੇ ਚਾਹੀਦੇ । ਉਹਨਾਂ ਕਿਹਾ ਕਿ ਇਸੇ ਹੀ ਲੜੀ ਤਹਿਤ ਹਲਕਾ ਪੂਰਵੀ ਅੰਦਰ ਵੀ ਰਿਕਾਰਡ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਚੁੱਕੇ ਹਨ , ਹਲਕੇ ਅੰਦਰ 8 ਆਮ ਆਦਮੀ ਕਲੀਨਿਕ ਪਹਿਲਾ ਹੀ ਹਲਕਾ ਵਾਸੀਆਂ ਨੂੰ ਸਪੁਰਦ ਕੀਤੇ ਜਾ ਚੁੱਕੇ ਹਨ ਅਤੇ ਕੁਝ ਹੋਰ ਨਵੇਂ ਆਮ ਆਦਮੀ ਕਲੀਨਿਕ ਆਉਣ ਵਾਲੇ ਦਿਨਾਂ ਵਿੱਚ ਹੋਰ ਖੋਲੇ ਜਾਣਗੇ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਪੱਖੋਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ।
ਵਿਧਾਇਕ ਗਰੇਵਾਲ ਅਤੇ ਭਿੰਡਰ ਨੇ ਕਿਹਾ ਕਿ ਸੂਬੇ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ,ਇਸੇ ਹੀ ਤਹਿਤ ਹਲਕਾ ਪੂਰਵੀ ਅੰਦਰ ਕਰੀਬ 10 ਸਕੂਲਾਂ ਤੇ ਕੰਮ ਚੱਲ ਰਿਹਾ ਹੈ ਜਿਸ ਦੇ ਮੁਕੰਮਲ ਹੋਣ ਨਾਲ ਹਲਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਅੱਜ ਵਾਰਡ ਨੰਬਰ 7 ਦੇ ਤਿਲਕ ਨਗਰ ਦੀਆਂ ਗਲੀਆਂ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਪਿਛਲੇ ਕਰੀਬ ਅੱਠ ਸਾਲ ਪਹਿਲਾਂ ਬਣੀਆਂ ਸਨ । ਉਹਨਾਂ ਕਿਹਾ ਕਿ ਹਲਕਾ ਪੂਰਵੀ ਅੰਦਰ ਵਿਕਾਸ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ । ਇਸ ਮੌਕੇ ਤੇ ਹਾਜ਼ਰ ਇਲਾਕਾ ਵਾਸੀਆਂ ਨੇ ਕਿਹਾ ਕਿ ਉਹ ਧੰਨਵਾਦੀ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਤੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਤੋਂ ਇਲਾਵਾ ਚੇਅਰਮੈਨ ਤਰਸੇਮ ਸਿੰਘ ਭਿੰਡਰ ਜੀ ਦੇ ਜਿਨਾਂ ਦੀ ਇਮਾਨਦਾਰੀ ਅਤੇ ਮਿਹਨਤ ਸਦਕਾ ਅੱਜ ਇਲਾਕੇ ਨੂੰ ਕਈ ਸਾਲਾਂ ਤੋਂ ਬਾਅਦ ਨਵੀਆਂ ਬਣੀਆਂ ਗਲੀਆਂ ਦੇਖਣ ਨੂੰ ਨਸੀਬ ਹੋਣਗੀਆਂ ।