ਮਾਨਸਾ : ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਲ ਜੋ ਉਸਦੇ ਦੋ ਸਾਥੀ ਗੁਰਵਿੰਦਰ ਸਿੰਘ ਮੂਸਾ ਅਤੇ ਗੁਰਪ੍ਰੀਤ ਸਿੰਘ ਮੂਸਾ ਜ਼ਖਮੀ ਹੋਏ ਸਨ , ਅੱਜ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਐਡਵੋਕੇਟ ਗੁਰਪ੍ਰਰੀਤ ਸਿੰਘ ਬਣਾਂਵਾਲੀ ਨੇ ਉਨ੍ਹਾਂ ਦਾ ਹਸਪਤਾਲ ਵਿੱਚ ਹਾਲ ਚਾਲ ਜਾਣਿਆ ਹੈ। ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਇਹਨਾਂ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਕਿ ਇਹਨਾਂ ਦੇ ਇਲਾਜ਼ ਦਾ ਸਾਰਾ ਖਰਚਾ ਪੰਜਾਬ ਸਰਕਾਰ ਦੁਆਰਾ ਕੀਤਾ ਜਾਵੇਗਾ। 






 





 

ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰਾਂ ਨਾਲ ਆਪਣੇ ਆਖਰੀ ਸਾਹਾਂ ਤੱਕ ਲੜਦਾ ਰਿਹਾ ਹੈ। ਪੁਲਿਸ ਨੇ ਮੂਸੇਵਾਲਾ ਦੀ ਥਾਰ ਗੱਡੀ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ ਹੈ। ਉਸ ਪਿਸਤੌਲ ਤੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹਮਲਾਵਰ ਸਿੱਧੂ 'ਤੇ ਫਾਇਰਿੰਗ ਕਰ ਰਹੇ ਸਨ ਤਾਂ ਸਿੱਧੂ ਨੇ ਵੀ ਆਪਣੇ ਬਚਾਅ 'ਚ ਫਾਇਰਿੰਗ ਕੀਤੀ। ਪੁਲਿਸ ਨੇ ਥਾਰ ਤੋਂ ਪਿਸਤੌਲ ਬਰਾਮਦ ਕਰ ਲਿਆ ਹੈ।  

ਸਿੱਧੂ ਮੂਸੇਵਾਲਾ ਦਾ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਿੱਚ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਦੌਰਾਨ ਹਜ਼ਾਰਾਂ ਲੋਕ ਪਹੁੰਚੇ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਪਸੰਦੀਦਾ ਟਰੈਕਟਰ 'ਤੇ ਕੱਢੀ ਗਈ। ਉਸ ਦੀ ਮ੍ਰਿਤਿਕ ਦੇਹ ਨਾਲ ਟਰੈਕਟਰ ਵਿੱਚ ਉਸਦੇ ਮਾਤਾ-ਪਿਤਾ ਵੀ ਮੌਜੂਦ ਸਨ। ਅੰਤਿਮ ਯਾਤਰਾ ਦੌਰਾਨ ਸਿੱਧੂ ਦੇ ਪਿਤਾ ਕਾਫੀ ਭਾਵੁਕ ਨਜ਼ਰ ਆਏ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਪੱਗ ਵੀ ਲਾਹ ਦਿੱਤੀ। ਅੰਤਿਮ ਸਸਕਾਰ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਲਾਲ ਪੱਗ ਬੰਨ੍ਹੀ ਗਈ ਸੀ।

ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਲਈ ਸੀ ਜ਼ਿੰਮੇਵਾਰੀ
ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਮਕੋਕਾ ਦੇ ਤਹਿਤ ਸੰਗਠਿਤ ਅਪਰਾਧ ਦੇ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਹੈ। ਲਾਰੈਂਸ ਬਿਸ਼ਨੋਈ ਦੇ ਗਿਰੋਹ ਦੇ ਕੈਨੇਡੀਅਨ ਮੂਲ ਦੇ ਮੈਂਬਰ ਗੋਲਡੀ ਬਰਾੜ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਮੂਸੇਵਾਲਾ ਨੂੰ ਦਿਨ-ਦਿਹਾੜੇ ਘੱਟੋ-ਘੱਟ 30 ਗੋਲੀਆਂ ਮਾਰੀਆਂ ਗਈਆਂ ਸੀ।

ਦੇਹਰਾਦੂਨ ਤੋਂ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੇ ਸੋਮਵਾਰ ਨੂੰ ਦੇਹਰਾਦੂਨ ਤੋਂ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਸ਼ੁਰੂ ਕੀਤੇ ਗਏ ਯਤਨਾਂ ਦੇ ਨਾਲ-ਨਾਲ ਪੁਲਿਸ  ਸੀਸੀਟੀਵੀ ਫੁਟੇਜ 'ਚ ਦਿਖਾਈ ਦੇਣ ਵਾਲੇ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੇ ਐਤਵਾਰ ਨੂੰ ਮਾਨਸਾ ਦੇ ਇਕ ਢਾਬੇ 'ਤੇ ਖਾਣਾ ਖਾਧਾ ਸੀ। ਇਹ ਸੀਸੀਟੀਵੀ ਫੁਟੇਜ ਉਸੇ ਢਾਬੇ ਦੀ ਹੈ।