Manpreet Singh Ayali News : ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵੱਡਾ ਸਿਆਸੀ ਮੋੜ ਆਇਆ, ਜਦੋਂ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੀ ਸੋਚ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਪਲੇਟਫਾਰਮ ਤੋਂ ਪੰਥ, ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਇਨ੍ਹਾਂ ਮੁੱਦਿਆਂ 'ਤੇ ਦ੍ਰਿੜ੍ਹਤਾ ਨਾਲ ਡਟਣ ਦਾ ਰਸਮੀ ਐਲਾਨ ਕਰ ਦਿੱਤਾ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ, ਭਾਈ ਮਨਦੀਪ ਸਿੰਘ ਸਿੱਧੂ ਨੇ ਵਿਧਾਇਕ ਇਯਾਲੀ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬੜੇ ਦ੍ਰਿੜ੍ਹ ਸ਼ਬਦਾਂ ਵਿੱਚ ਕਿਹਾ, "ਮੈਂ ਅਕਾਲੀ ਸੀ, ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗਾ।" ਉਨ੍ਹਾਂ ਸਪੱਸ਼ਟ ਕੀਤਾ ਕਿ ਅਕਾਲੀ ਸੋਚ ਕਿਸੇ ਪਰਿਵਾਰ ਜਾਂ ਕੁਝ ਲੋਕਾਂ ਦੇ ਧੜੇ ਦੀ ਬੰਧਕ ਨਹੀਂ ਹੈ, ਸਗੋਂ ਇਹ ਪੰਜਾਬ, ਪੰਥ ਅਤੇ ਸੂਬੇ ਦੇ ਹੱਕਾਂ ਲਈ ਚੱਲੀ ਇੱਕ ਇਤਿਹਾਸਕ ਲਹਿਰ ਹੈ।
ਇਯਾਲੀ ਨੇ ਕਿਹਾ ਕਿ ਪੰਜਾਬ ਅੱਜ ਬਹੁਤ ਹੀ ਨਾਜ਼ੁਕ ਅਤੇ ਚੁਣੌਤੀਪੂਰਨ ਦੌਰ ਵਿੱਚੋਂ ਲੰਘ ਰਿਹਾ ਹੈ। ਸੂਬੇ ਦੀ ਆਰਥਿਕਤਾ, ਕਿਸਾਨੀ, ਨੌਜਵਾਨੀ, ਕੁਦਰਤੀ ਸਰੋਤਾਂ ਅਤੇ ਸਮਾਜਿਕ ਢਾਂਚੇ ਸਾਹਮਣੇ ਗੰਭੀਰ ਸੰਕਟ ਖੜ੍ਹੇ ਹਨ। ਅਜਿਹੇ ਸਮੇਂ ਰਵਾਇਤੀ ਸਿਆਸੀ ਹੱਦਾਂ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਹੱਕਾਂ ਅਤੇ ਭਵਿੱਖ ਲਈ ਇੱਕ ਸਪੱਸ਼ਟ, ਨਿਰਪੱਖ ਅਤੇ ਦ੍ਰਿੜ੍ਹ ਆਵਾਜ਼ ਬੁਲੰਦ ਕਰਨ ਲਈ ਇਸ ਪਲੇਟਫਾਰਮ ਤੋਂ ਕੰਮ ਕਰਨਾ ਸਮੇਂ ਦੀ ਸਭ ਤੋਂ ਮੁੱਖ ਲੋੜ ਬਣ ਚੁੱਕੀ ਹੈ।
ਪੰਥਕ ਮੁੱਦਿਆਂ ’ਤੇ ਬੋਲਦਿਆਂ ਵਿਧਾਇਕ ਇਯਾਲੀ ਨੇ ਬਹੁਤ ਹੀ ਸਿੱਧੇ ਅਤੇ ਸਾਫ਼ ਸ਼ਬਦਾਂ ਵਿੱਚ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਆਪਣੀਆਂ ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ, ਜੋ ਕਿ ਸਰਾਸਰ ਬੇਇਨਸਾਫ਼ੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਖਡੂਰ ਸਾਹਿਬ ਦੇ ਲੱਖਾਂ ਲੋਕਾਂ ਵੱਲੋਂ ਵੱਡੀ ਜਿੱਤ ਦਿਵਾ ਕੇ ਚੁਣੇ ਗਏ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਦੀ ਆਵਾਜ਼ ਸਭ ਤੋਂ ਵੱਡੀ ਹੁੰਦੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਕੇਂਦਰ ਅਤੇ ਰਾਜ ਸਰਕਾਰ ਨੂੰ ਇੱਕ ਸਪੱਸ਼ਟ ਸੁਨੇਹਾ ਦਿੱਤਾ ਹੈ। ਇਸ ਲਈ ਸਰਕਾਰ ਨੂੰ ਤੁਰੰਤ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ ਇਨ੍ਹਾਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ ਅਤੇ ਉਹ ਹੁਣ ਇਸ ਆਵਾਜ਼ ਨੂੰ ਹੋਰ ਮਜ਼ਬੂਤ ਕਰਨਗੇ।
ਬੰਦੀ ਸਿੰਘਾਂ ਦੀ ਰਿਹਾਈ ਤੋਂ ਬਾਅਦ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਵਿਧਾਇਕ ਇਯਾਲੀ ਨੇ 'ਅਨੰਦਪੁਰ ਸਾਹਿਬ ਦੇ ਮਤੇ' ਦਾ ਮੁੱਦਾ ਬਹੁਤ ਹੀ ਪ੍ਰਮੁੱਖਤਾ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਅਤੇ ਸੱਚੇ ਫੈਡਰਲ ਢਾਂਚੇ (ਰਾਜਾਂ ਦੀ ਖੁਦਮੁਖਤਿਆਰੀ) ਦਾ ਮੁੱਦਈ ਰਿਹਾ ਹੈ। ਇਤਿਹਾਸਕ 'ਅਨੰਦਪੁਰ ਸਾਹਿਬ ਦਾ ਮਤਾ' ਸਿਰਫ ਇੱਕ ਦਸਤਾਵੇਜ਼ ਨਹੀਂ, ਸਗੋਂ ਪੰਜਾਬ ਦੇ ਪਾਣੀਆਂ, ਰਾਜਨੀਤਿਕ, ਆਰਥਿਕ ਅਤੇ ਭੂਗੋਲਿਕ ਹੱਕਾਂ ਦੀ ਰਾਖੀ ਕਰਨ ਵਾਲੀ ਇੱਕੋ-ਇੱਕ ਮਜ਼ਬੂਤ ਢਾਲ ਹੈ। ਅੱਜ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਹੱਕਾਂ ’ਤੇ ਲਗਾਤਾਰ ਡਾਕੇ ਮਾਰੇ ਜਾ ਰਹੇ ਹਨ। ਅਜਿਹੇ ਸਮੇਂ ਪੰਜਾਬ ਦੀ ਹੋਂਦ ਅਤੇ ਹੱਕਾਂ ਦੀ ਲੜਾਈ ਲੜਨ ਲਈ ਅਨੰਦਪੁਰ ਸਾਹਿਬ ਦੇ ਮਤੇ ’ਤੇ ਪੂਰੀ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਬੇਹੱਦ ਜ਼ਰੂਰੀ ਹੋ ਗਿਆ ਹੈ।
ਉਨ੍ਹਾਂ ਪੰਜਾਬ ਦੀ ਸਦਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਧਰਤੀ ਸਦੀਆਂ ਤੋਂ ਭਾਈਚਾਰਕ ਸਾਂਝ, ਆਪਸੀ ਸਤਿਕਾਰ ਅਤੇ ਅਮਨ-ਸ਼ਾਂਤੀ ਦਾ ਪ੍ਰਤੀਕ ਰਹੀ ਹੈ, ਜਿੱਥੇ ਹਰ ਧਰਮ ਅਤੇ ਵਰਗ ਦੇ ਲੋਕਾਂ ਨੇ ਮਿਲਜੁਲ ਕੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ। ਅੱਜ ਵੀ ਪੰਜਾਬ ਦੀ ਅਸਲ ਤਾਕਤ ਇਸ ਦੀ ਵਿਭਿੰਨਤਾ ਅਤੇ ਆਪਸੀ ਏਕਤਾ ਵਿੱਚ ਹੈ। ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਫਿਰਕਾਪ੍ਰਸਤੀ, ਨਫ਼ਰਤ ਜਾਂ ਸਮਾਜਿਕ ਵੰਡ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਅਤੇ ਅਜਿਹੇ ਅਨਸਰਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ “ਆਖ਼ਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਲੇਟਫਾਰਮ ਨਾਲ ਸਾਂਝ ਕਿਉਂ?” ਦਾ ਜਵਾਬ ਦਿੰਦਿਆਂ ਇਯਾਲੀ ਨੇ ਬੇਬਾਕੀ ਨਾਲ ਕਿਹਾ ਕਿ ਪੰਜਾਬ ਦੇ ਲੋਕਾਂ ਸਾਹਮਣੇ ਅੱਜ ਸਿਰਫ਼ ਸੱਤਾ ਜਾਂ ਸਰਕਾਰ ਬਦਲਣ ਦਾ ਮਸਲਾ ਨਹੀਂ ਹੈ, ਸਗੋਂ ਪੰਜਾਬ ਦੀ ਹੋਂਦ, ਅਣਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣ ਦਾ ਵੱਡਾ ਸਵਾਲ ਖੜ੍ਹਾ ਹੈ। ਲੰਮੇ ਸਮੇਂ ਤੋਂ ਰਵਾਇਤੀ ਸਿਆਸਤ ਲੋਕਾਂ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰੀ ਨਹੀਂ ਉਤਰ ਸਕੀ, ਜਿਸ ਕਾਰਨ ਪੰਜਾਬ ਦੇ ਅਹਿਮ ਮਸਲੇ ਲਗਾਤਾਰ ਅਣਗੌਲੇ ਰਹੇ ਹਨ ਅਤੇ ਸੂਬੇ ਦੇ ਹੱਕਾਂ ਦੀ ਮਜ਼ਬੂਤ ਵਕਾਲਤ ਕਰਨ ਵਾਲੀ ਆਵਾਜ਼ ਕਮਜ਼ੋਰ ਹੋਈ ਹੈ।
ਉਨ੍ਹਾਂ ਸੂਬੇ ਦੀ ਮੌਜੂਦਾ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਅੱਜ ਭਾਰੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਬੇਰੁਜ਼ਗਾਰੀ, ਨਸ਼ਿਆਂ ਦੀ ਭਿਆਨਕ ਸਮੱਸਿਆ, ਉਦਯੋਗਿਕ ਖੜੋਤ ਅਤੇ ਪੇਂਡੂ ਵਿਕਾਸ ਨਾਲ ਜੁੜੇ ਮੁੱਦੇ ਗੰਭੀਰ ਰੂਪ ਧਾਰ ਚੁੱਕੇ ਹਨ। ਸਾਡਾ ਹੋਣਹਾਰ ਨੌਜਵਾਨ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਭਾਲ ਵਿੱਚ ਹਿਜਰਤ ਕਰਕੇ ਵਿਦੇਸ਼ਾਂ ਵੱਲ ਰੁਖ ਕਰ ਰਿਹਾ ਹੈ, ਜੋ ਬੇਹੱਦ ਚਿੰਤਾਜਨਕ ਹੈ। ਇਸ ਸਥਿਤੀ ਵਿੱਚ ਪੰਜਾਬ ਕੇਂਦਰਿਤ ਅਤੇ ਸ਼ੁੱਧ ਰੂਪ ਵਿੱਚ ਲੋਕ-ਪੱਖੀ ਰਾਜਨੀਤਿਕ ਰਣਨੀਤੀ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਮਹਿਸੂਸ ਹੋ ਰਹੀ ਹੈ।
ਵਿਧਾਇਕ ਇਯਾਲੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਸ 'ਅਕਾਲੀ ਦਲ ਵਾਰਸ ਪੰਜਾਬ ਦੇ' ਨੂੰ ਇਸ ਲਈ ਚੁਣਿਆ ਹੈ ਕਿਉਂਕਿ ਇਹ ਪਲੇਟਫਾਰਮ ਪੰਜਾਬ ਦੇ ਹੱਕਾਂ, ਲੋਕਤੰਤਰੀ ਕਦਰਾਂ-ਕੀਮਤਾਂ, ਨੌਜਵਾਨੀ ਦੇ ਸੁਨਹਿਰੀ ਭਵਿੱਖ ਅਤੇ ਸਮਾਜਿਕ ਇਨਸਾਫ਼ ਦੇ ਮੁੱਦਿਆਂ ਨੂੰ ਬਿਨਾਂ ਕਿਸੇ ਡਰ ਤੋਂ ਸਪੱਸ਼ਟ ਤੌਰ ’ਤੇ ਉਠਾ ਰਿਹਾ ਹੈ। ਪੰਜਾਬ ਦੇ ਲੋਕਾਂ ਦੀਆਂ ਹੱਕੀ ਭਾਵਨਾਵਾਂ ਅਤੇ ਉਮੀਦਾਂ ਨੂੰ ਸਹੀ ਨੁਮਾਇੰਦਗੀ ਦੇਣ ਵਾਲੀ ਮਜ਼ਬੂਤ ਅਤੇ ਦਲੇਰ ਲੀਡਰਸ਼ਿਪ ਨਾਲ ਮਿਲ ਕੇ ਹੀ ਸੂਬੇ ਨੂੰ ਇਸ ਸੰਕਟ ਵਿੱਚੋਂ ਕੱਢ ਕੇ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।
ਭਵਿੱਖ ਦੀਆਂ ਨੀਤੀਆਂ ਦਾ ਖਾਕਾ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜਿਕ ਬਰਾਬਰੀ ਅਤੇ ਸਿਆਸੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਹਰ ਵਰਗ ਨੂੰ ਪ੍ਰਸ਼ਾਸਨ ਅਤੇ ਫੈਸਲਿਆਂ ਵਿੱਚ ਬਣਦਾ ਹੱਕ ਦਿੱਤਾ ਜਾਵੇਗਾ। ਦਲਿਤ, ਪਿਛੜੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਵਿਸ਼ੇਸ਼ ਅਤੇ ਠੋਸ ਯੋਜਨਾਵਾਂ ਲਿਆਂਦੀਆਂ ਜਾਣਗੀਆਂ। ਨੌਜਵਾਨਾਂ ਨੂੰ ਆਪਣੇ ਹੀ ਸੂਬੇ ਵਿੱਚ ਰੁਜ਼ਗਾਰ ਦੇਣ ਲਈ ਲਘੂ ਉਦਯੋਗਾਂ ਅਤੇ ਛੋਟੇ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਦੂਰਅੰਦੇਸ਼ੀ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ।
ਪੇਂਡੂ ਖੇਤਰਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਇੱਕ ਵਿਸ਼ੇਸ਼ 'ਪੇਂਡੂ ਵਿਕਾਸ ਮਾਡਲ' ਲਾਗੂ ਕੀਤਾ ਜਾਵੇਗਾ। ਵਧਦੀ ਆਬਾਦੀ ਅਤੇ ਰਿਹਾਇਸ਼ੀ ਜ਼ਮੀਨ ਦੀ ਘਾਟ ਨੂੰ ਮੁੱਖ ਰੱਖਦਿਆਂ, ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਯੋਜਨਾਬੱਧ ਢੰਗ ਨਾਲ ਰਿਹਾਇਸ਼ੀ ਕਾਲੋਨੀਆਂ ਅਤੇ ‘ਸਮਾਰਟ ਪਿੰਡ’ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਦੇ ਮੁਕੰਮਲ ਖ਼ਾਤਮੇ ਲਈ ਜ਼ੀਰੋ-ਟਾਲਰੈਂਸ ਨੀਤੀ ਅਪਣਾਈ ਜਾਵੇਗੀ।
ਆਪਣੇ ਸੰਬੋਧਨ ਦੇ ਅਖੀਰ ਵਿੱਚ ਵਿਧਾਇਕ ਇਯਾਲੀ ਨੇ ਪੰਜਾਬ ਦੇ ਹੱਕਾਂ, ਕਿਸਾਨੀ, ਨੌਜਵਾਨੀ, ਪਾਣੀਆਂ ਅਤੇ ਸੰਵਿਧਾਨਕ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਪੰਜਾਬ-ਪੱਖੀ ਧਿਰਾਂ ਨੂੰ ਇੱਕ ਸਾਂਝੇ ਮੰਚ ’ਤੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਸਮੂਹ ਪੰਜਾਬੀਆਂ ਅਤੇ ਦੇਸ਼-ਵਿਦੇਸ਼ ਵਿੱਚ ਬੈਠੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਚੜ੍ਹਦੀ ਕਲਾ ਲਈ ਇੱਕ ਨਵੀਂ ਸੋਚ ਨਾਲ ਇਕਜੁੱਟ ਹੋਣ।
