Vigilance Arrested AAP MLA Raman Arora: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਹੀ ਵਿਧਾਇਕ ਖਿਲਾਫ ਸਖਤ ਐਕਸ਼ਨ ਲਿਆ ਹੈ। ਪੰਜਾਬ ਵਿਜੀਲੈਂਸ ਨੇ ਜਲੰਧਰ ਕੇਂਦਰੀ ਦੇ ਵਿਧਾਇਕ ਰਮਨ ਅਰੋੜਾ ਦੇ ਘਰ ਛਾਪਾ ਮਾਰਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ। ਸਰਕਾਰੀ ਬੁਲਾਰੇ ਅਨੁਸਾਰ ਰਮਨ ਅਰੋੜਾ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀ। ਫਿਰ ਉਹ ਪੈਸੇ ਲੈ ਕੇ ਉਨ੍ਹਾਂ ਨੋਟਿਸਾਂ ਨੂੰ ਰੱਦ ਕਰਵਾਉਂਦਾ ਸੀ। ਕੁਝ ਦਿਨ ਪਹਿਲਾਂ ਅਰੋੜਾ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਨੇ ਜਲੰਧਰ ਨਗਰ ਨਿਗਮ ਦੇ ਏਟੀਪੀ ਨੂੰ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਵਿਜੀਲੈਂਸ ਸੂਤਰਾਂ ਅਨੁਸਾਰ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਰਮਨ ਅਰੋੜਾ ਦੇ ਨੋਟਿਸ ਦੀ ਆੜ ਵਿੱਚ ਰਿਸ਼ਵਤਖੋਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਗਰੋਂ ਸਰਕਾਰ ਨੇ ਆਪਣੇ ਹੀ ਵਿਧਾਇਕ ਖਿਲਾਫ ਐਕਸ਼ਨ ਲਿਆ ਹੈ।
ਇਸ ਤੋਂ ਕੁਝ ਦਿਨ ਪਹਿਲਾਂ ਸਰਕਾਰ ਨੇ ਰਮਨ ਅਰੋੜਾ ਦੀ ਸੁਰੱਖਿਆ ਹਟਾ ਦਿੱਤੀ ਸੀ। ਅਰੋੜਾ ਨੇ ਖੁਦ ਸੁਰੱਖਿਆ ਹਟਾਉਣ ਦੀ ਪੁਸ਼ਟੀ ਕੀਤੀ ਸੀ। ਸੁਰੱਖਿਆ ਹਟਾਉਣ ਤੋਂ ਬਾਅਦ, ਪੰਜਾਬ ਦੀ ਰਾਜਨੀਤੀ ਵਿੱਚ ਚਰਚਾ ਸੀ ਕਿ ਸਰਕਾਰ ਜਲਦੀ ਹੀ ਰਮਨ ਅਰੋੜਾ ਵਿਰੁੱਧ ਕਾਰਵਾਈ ਕਰ ਸਕਦੀ ਹੈ। ਉਸ ਵੇਲੇ ਰਮਨ ਅਰੋੜਾ ਨੇ ਕਿਹਾ ਸੀ ਕਿ ਮੈਨੂੰ ਨਹੀਂ ਪਤਾ ਕਿ ਸੁਰੱਖਿਆ ਕਿਉਂ ਹਟਾਈ ਗਈ ਪਰ ਮੈਂ ਆਮ ਆਦਮੀ ਪਾਰਟੀ ਦਾ ਇੱਕ ਇਮਾਨਦਾਰ ਆਗੂ ਹਾਂ। ਸਰਕਾਰ ਨੇ ਜੋ ਵੀ ਫੈਸਲਾ ਲਿਆ, ਮੈਂ ਇਸ ਨੂੰ ਸਵੀਕਾਰ ਕਰਦਾ ਹਾਂ।
ਦੱਸ ਦਈਏ ਕਿ ਫਰਵਰੀ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਤੋਂ ਲਗਪਗ 7 ਮਹੀਨੇ ਬਾਅਦ ਸਤੰਬਰ ਵਿੱਚ ਵਿਧਾਇਕ ਰਮਨ ਅਰੋੜਾ ਦਾ ਦੋ ਦੁਕਾਨਦਾਰਾਂ ਵਿਚਕਾਰ ਹੋਈ ਲੜਾਈ ਨੂੰ ਸੁਲਝਾਉਂਦੇ ਸਮੇਂ ਡੀਸੀਪੀ ਨਰੇਸ਼ ਡੋਗਰਾ ਨਾਲ ਝਗੜਾ ਹੋਇਆ ਸੀ। ਇਸ ਵਿਵਾਦ ਨੇ ਸੂਬੇ ਵਿੱਚ ਬਹੁਤ ਸੁਰਖੀਆਂ ਬਟੋਰੀਆਂ ਸੀ। ਉਸ ਵੇਲੇ ਇੱਕ ਨਿੱਜੀ ਸੰਸਥਾ ਦੇ ਦਫ਼ਤਰ ਵਿੱਚ ਰਮਨ ਅਰੋੜਾ ਦੇ ਸਮਰਥਕਾਂ ਵੱਲੋਂ ਡੀਸੀਪੀ ਰੈਂਕ ਦੇ ਅਧਿਕਾਰੀ 'ਤੇ ਹਮਲਾ ਕਰਨ ਦੇ ਦੋਸ਼ ਲੱਗੇ ਸਨ। ਬਾਅਦ ਵਿੱਚ ਦੋਵਾਂ ਨੇ ਸਮਝੌਤਾ ਕਰ ਲਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।