Punjab Budget Session: ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ 'ਬੱਜ਼ਟ ਇਜ਼ਲਾਸ' ਦੌਰਾਨ ਅਕਾਲੀ-ਕਾਂਗਰਸੀਆਂ ਨੂੰ ਆੜੇ ਹੱਥੀਂ ਲੈਂਦਿਆਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਕੇਵਲ ਦੋ ਸਾਲਾਂ ਵੀ ਕੀਤੀਆਂ ਬੇ-ਮਿਸਾਲ ਪ੍ਰਾਪਤੀਆਂ ਖਾਸ ਕਰਕੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਕੀਤੇ ਕੰਮਾ ਦੀ ਵਿਆਖਿਆ ਕੀਤੀ। 


ਵਿਧਾਇਕਾ ਮਾਣੂੰਕੇ ਨੇ ਵਿਧਾਨ ਸਭਾ ਵਿੱਚ ਗਰਜ਼ਦਿਆਂ ਆਖਿਆ ਕਿ ਜੇਕਰ ਸਰਕਾਰਾਂ ਵਿੱਚ ਵੀ ਲੋਕਾਂ ਦੇ ਕੰਮ ਕਰਨ ਦੀ ਇੱਛਾ ਸ਼ਕਤੀ ਹੋਵੇ, ਤਾਂ ਲੋਕਾਂਂ ਦੀ ਭਲਾਈ ਲਈ ਕੀ ਨਹੀਂ ਕੀਤਾ ਜਾ ਸਕਦਾ। ਇਸ ਦੀ ਮਿਸਾਲ ਮੁੱਖ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਹੇਠ ਮੌਜ਼ੂਦਾ ਪੰਜਾਬ ਸਰਕਾਰ ਦੇ ਕੰਮਾਂ ਤੋਂ ਦਿੱਤੀ ਜਾ ਸਕਦੀ ਹੈ। 


ਉਹਨਾਂ ਕਿਹਾ ਕਿ ਪੰਜਾਬ ਅੰਦਰ ਮਾਰਚ 2022 ਵਿੱਚ ਪਹਿਲੀ ਵਾਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਪੂਰੇ ਪੰਜਾਬ ਵਿੱਚ ਹੁਣ ਤੱਕ 829 ਆਮ ਆਦਮੀਂ ਮੁਹੱਲਾ ਕਲੀਨਿਕ ਲੋਕਾਂ ਨੂੰ ਸ਼ਾਨਦਾਰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਜਿੰਨਾਂ ਵਿੱਚੋਂ ਹੁਣ ਤੱਕ 1 ਕਰੋੜ 07 ਲੱਖ 70 ਹਜ਼ਾਰ 379 ਤੋਂ ਵੀ ਜ਼ਿਆਦਾ ਲੋਕ ਇਹਨਾਂ ਮੁਹੱਲਾ ਕਲੀਨਿਕਾਂ ਤੋਂ ਇਲਾਜ਼ ਕਰਵਾ ਚੁੱਕੇ ਹਨ। 


ਇਹਨਾਂ ਮੁਹੱਲਾ ਕਲੀਨਿਕਾਂ 'ਤੇ ਮਰੀਜ਼ਾਂ ਨੂੰ 450 ਕਰੋੜ ਰੁਪਏ ਦੀਆਂ ਦਵਾਈਆਂ ਮੌਜ਼ੂਦਾ ਬਾਜ਼ਾਰੀ ਦਰਾਂ 'ਤੇ ਅਤੇ 70 ਕਰੋੜ ਰੁਪਏ ਦੇ ਡਾਇਗਨੌਸਟਿਕ ਟੈਸਟ ਮੁਹੱਈਆ ਕਰਵਾਏ ਗਏ ਹਨ। ਇਹਨਾਂ ਆਮ ਆਦਮੀ ਮੁਹੱਲਾ ਕਲੀਨਿਕਾਂ ਨੇ ਪੰਜਾਬ ਦੇ ਲੋਕਾਂ ਦੀ ਸਿਹਤ ਸੰਭਾਲ 'ਤੇ ਹੋਣ ਵਾਲੇ ਖਰਚੇ ਨੂੰ 650 ਕਰੋੜ ਰੁਪਏ ਦੀ ਵੱਡੀ ਰਕਮ ਨਾਲ ਘਟਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। 


ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਇਸ ਚਾਲੂ ਸਾਲ ਦੌਰਾਨ 222 ਕਰੋੜ ਰੁਪਏ ਦੀਆਂ ਦਵਾਈਆਂ ਖ੍ਰੀਦੀਆਂ ਗਈਆਂ ਹਨ ਅਤੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਹਰ ਇੱਕ ਮਰੀਜ਼ ਨੂੰ ਦਵਾਈ ਪਰਚੀ ਉਪਰ ਲਿਖਕੇ ਨਹੀਂ ਦਿੱਤੀ ਜਾਵੇਗੀ ਅਤੇ ਹਰੇਕ ਦਵਾਈ ਮਰੀਜ਼ ਨੂੰ ਹਸਪਤਾਲ ਵਿੱਚੋਂ ਹੀ ਦਿੱਤੀ ਜਾਵੇਗੀ।


 ਇਸ ਤੋਂ ਬਿਨਾਂ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਾ ਹਸਪਤਾਲਾਂ, ਉਪ ਮੰਡਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਕਸ-ਰੇ ਅਤੇ ਅਲਟਰਾਸਾਊਂਡ ਦੀ ਸਹੂਲਤ ਪ੍ਰਦਾਨ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਜਿਵੇਂ ਕਿ ਮੇਰੇ ਹਲਕੇ ਅੰਦਰ ਸੀ.ਐਚ.ਸੀ.ਹਸਪਤਾਲ ਹਠੂਰ ਵਿਖੇ ਲੋਕਾਂ ਦੀ ਸਹੂਲਤ ਲਈ ਆਧੁਨਿਕ ਡਿਜ਼ੀਟਲ ਐਕਸ-ਰੇ ਮਸ਼ੀਨ ਸਥਾਪਿਤ ਕੀਤੀ ਗਈ ਹੈ, ਜੋ ਕਿ 10-15 ਦਿਨਾਂ ਦੇ ਅੰਦਰ ਚਾਲੂ ਹੋ ਜਾਵੇਗੀ।


 ਇਸ ਤੋਂ ਬਿਨਾਂ ਹਠੂਰ ਵਿਖੇ ਆਉਂਦੇ ਸਮੇਂ ਵਿੱਚ ਲੋਕਾਂ ਲਈ ਈ.ਸੀ.ਜੀ. ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਬੀਬੀ ਮਾਣੂੰਕੇ ਨੇ ਆਖਿਆ ਕਿ ਸ਼ਾਨਦਾਰ ਸਿਹਤ ਸੇਵਾਵਾਂ ਕਰਕੇ ਹੀ ਮੇਰੇ ਹਲਕੇ ਵਿੱਚ ਸਿਵਲ ਹਸਪਤਾਲ ਜਗਰਾਉਂ ਅਤੇ ਜੱਚਾ-ਬੱਚਾ ਹਸਪਤਾਲ ਜਗਰਾਉਂ ਲੋਕਾਂ ਨੂੰ ਸਾਫ਼ ਸੁਥਰੀਆਂ ਤੇ ਸ਼ਾਨਦਾਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪਿਛਲੇ ਸਾਲਾਂ ਵਿੱਚ ਦੇਸ਼ ਭਰ ਦੀਆਂ ਸਿਹਤ ਸਹੂਲਤਾਂ ਵਿੱਚੋਂ ਪਹਿਲੇ ਨੰਬਰ ਉਪਰ ਰਿਹਾ ਹੈ ਅਤੇ ਹਲਕੇ ਦੇ ਪਿੰਡ ਹਠੂਰ ਦਾ ਸੀ.ਐਚ.ਸੀ.ਹਸਪਤਾਲ ਵੀ ਜ਼ਿਲ੍ਹੇ ਭਰ ਦੇ ਸੀ.ਐਚ.ਸੀ.ਹਸਪਤਾਲਾਂ ਵਿੱਚੋਂ ਸਫ਼ਾਈ ਪੱਖੋਂ ਪਿਛਲੇ ਸਾਲ ਪਹਿਲੇ ਨੰਬਰ ਉਪਰ ਰਿਹਾ ਹੈ।


ਇਸ ਤੋਂ ਇਲਾਵਾ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਲਈ ਯਤਨਸ਼ੀਲ ਹੈ। ਅਗਲੇ ਤਿੰਨ ਸਾਲਾਂ ਵਿੱਚ ਸਾਰੇ ਹਸਪਤਾਲਾਂ ਦੀਆਂ ਇਮਾਰਤਾਂ ਨੂੰ ਅੱਪਗ੍ਰੇਡ ਕਰਨ ਲਈ ਇੱਕ ਵਿਆਪਕ ਯੋਜਨਾਂ ਬਣਾਈ ਗਈ ਹੈ। ਜਿੰਨ੍ਹਾਂ ਵਿੱਚ ਜਗਰਾਉਂ ਹਲਕੇ ਦੇ ਪਿੰਡ ਹਠੂਰ ਵਿਖੇ ਬਲਾਕ ਪਬਲਿਕ ਹੈਲਥ ਯੂਨਿਟ ਦੀ ਉਸਾਰੀ ਹੋ ਚੁੱਕੀ ਹੈ, ਜਿਸ ਦਾ ਲੈਂਟਰ ਪੈ ਚੁੱਕਾ ਹੈ। 


ਇਹ ਹੈਲਥ ਯੂਨਿਟ ਵੀ ਜ਼ਲਦੀ ਹੀ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਹੋ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਸਿਹਤ ਦੀ ਦੇਖਭਾਲ ਨੂੰ ਉਤਸ਼ਾਹਿਤ ਕਰਨ ਲਈ 'ਸੀ.ਐਮ.ਦੀ ਯੋਗਸ਼ਾਲਾ' ਪ੍ਰੋਗਰਾਮ ਸ਼ੁਰੂ ਕਰਕੇ ਮੁਫ਼ਤ ਯੋਗਾ ਕਲਾਸਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਜਿਸ ਲਈ ਲਗਭਗ 300 ਪ੍ਰਮਾਣਿਤ ਇੰਸਟ੍ਰਕਟਰਾਂ ਨੂੰ ਤੈਨਾਤ ਕੀਤਾ ਗਿਆ ਹੈ, ਜੋ ਰੋਜ਼ਾਨਾਂ 1500 ਯੋਗਾ ਕਲਾਸਾਂ ਦੀ ਸਹੂਲਤ ਨਾਲ 35,000 ਨਾਗਰਿਕਾਂ ਨੂੰ ਸਿਖਲਾਈ ਦੇ ਰਹੇ ਹਨ।