ਗੁਰਦਾਸਪੁਰ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਬਟਾਲਾ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਬੈਂਸ ਵੱਲੋਂ ਬਟਾਲਾ ਬਲਾਸਟ ਨੂੰ ਲੈ ਕੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬਹਿਸਬਾਜ਼ੀ ਕਰਨ ਕਰਕੇ ਕੀਤਾ ਗਿਆ ਹੈ। ਬੈਂਸ ਦੀ ਲੰਘੇ ਦਿਨ ਡਿਪਟੀ ਕਮਿਸ਼ਨਰ ਨਾਲ ਤਿੱਖੀ ਨੋਕ-ਝੋਕ ਹੋਈ ਸੀ।


ਇਸ ਨੂੰ ਲੈ ਕੇ ਅੱਜ ਬਟਾਲਾ ਦੇ ਐਸਡੀਐਮ ਬਲਬੀਰ ਸਿੰਘ ਦੀ ਸ਼ਿਕਾਇਤ 'ਤੇ ਬਟਾਲਾ ਸਿਟੀ ਥਾਣੇ ਵਿੱਚ ਸਿਮਰਜੀਤ ਖਿਲਾਫ ਗੈਰ ਜ਼ਮਾਨਤੀ ਧਰਾਵਾਂ 186, 353, 451, 147, 177, 505, 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਟੀਮ ਲੁਧਿਆਣਾ ਰਵਾਨਾ ਹੋ ਗਈ ਹੈ।

ਇਸ ਬਾਰੇ ਡੀਐਸਪੀ ਡਾ. ਬਾਕਿਸ਼ਨ ਸਿੰਗਲਾ ਨੇ ਦੱਸਿਆ ਕਿ ਪੰਜ ਸਤੰਬਰ ਨੂੰ ਵਿਧਾਇਕ ਸਿਮਰਜੀਤ ਬੈਂਸ ਬਟਾਲਾ ਬਲਾਸਟ ਨੂੰ ਲੈ ਕੇ ਇੱਥੇ ਪਹੁੰਚੇ ਸੀ। ਉਹ ਕੁਝ ਲੋਕਾਂ ਨੂੰ ਲੈ ਕੇ ਜ਼ਬਰਦਸਤੀ ਦਫਤਰ ਵਿੱਚ ਵੜ ਗਏ। ਉਨ੍ਹਾਂ ਨੇ ਕੰਮ ਵਿੱਚ ਰੁਕਾਵਟ ਪਾਈ ਤੇ ਡਿਪਟੀ ਕਮਿਸ਼ਨਰ ਲਈ ਭੱਦੀ ਸ਼ਬਦਾਵਲੀ ਵਰਤੀ। ਇਸ ਕਰਕੇ ਬੈਂਸ ਖਿਲਾਫ ਕੇਸ ਦਰਜ ਕੀਤਾ ਗਿਆ ਹੈ।