MMS Scandal : ਪੰਜਾਬ ਦੇ ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ 'ਚ ਵਿਦਿਆਰਥਣਾਂ ਦੀ ਕਥਿਤ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਐੱਸਐੱਸਪੀ ਮੋਹਾਲੀ ਵਿਵੇਕ ਸ਼ੀਲ ਸੋਨੀ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਤੱਕ ਸਿਰਫ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਇੱਕ ਵਿਦਿਆਰਥਣ ਦੀ ਹੈ। ਇਸ ਤੋਂ ਇਲਾਵਾ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਹੈ। 


ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ - ਇਸ ਮਾਮਲੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਤੋਂ ਇਲਾਵਾ ਕੁਝ ਹੋਰ ਵੀਡਿਓ ਬਣਾਏ ਗਏ ਹਨ, ਇਹ ਪੂਰੀ ਤਰ੍ਹਾਂ ਗਲਤ ਹੈ। ਸਾਡੀ ਜਾਂਚ ਵਿੱਚ ਅਜਿਹਾ ਕੋਈ ਹੋਰ ਵੀਡੀਓ ਸਾਹਮਣੇ ਨਹੀਂ ਆਇਆ ਹੈ। ਸਾਡੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ, ਅਸੀਂ ਇੱਕ ਵਿਦਿਆਰਥਣ ਨੂੰ ਗ੍ਰਿਫਤਾਰ ਵੀ ਕੀਤਾ ਹੈ।


 



ਖੁਦਕੁਸ਼ੀ ਦੇ ਦਾਅਵੇ 'ਤੇ ਐਸਐਸਪੀ ਨੇ ਕੀ ਬੋਲਿਆ


ਐਸਐਸਪੀ ਨੇ ਕਿਹਾ- ਹੁਣ ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਸਾਡੇ ਕੋਲ ਜੋ ਵੀ ਜਾਣਕਾਰੀ ਤੇ ਵੀਡੀਓ ਹਨ, ਅਸੀਂ ਫੋਰੈਂਸਿਕ ਜਾਂਚ ਕਰਵਾ ਰਹੇ ਹਾਂ। ਹੁਣ ਤਕ ਕੀਤੀ ਗਈ ਜਾਂਚ 'ਚ ਇਹ ਸਾਫ ਹੋ ਗਿਆ ਹੈ ਕਿ ਜੋ ਵੀਡਿਓ ਹੈ, ਉਹ ਉਸ ਦਾ ਆਪਣਾ ਹੈ, ਇਸ ਤੋਂ ਇਲਾਵਾ ਕਿਸੇ ਹੋਰ ਦੀ ਵੀਡੀਓ ਨਹੀਂ ਹੈ।


ਉਨ੍ਹਾਂ ਨੇ ਕਿਹਾ- ਹੁਣ ਤਕ ਦੀ ਜਾਂਚ 'ਚ ਸਾਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਕੁੜੀ ਦਾ ਹੀ ਸਿਰਫ ਇਕ ਵੀਡੀਓ ਹੈ। ਉਸ ਨੇ ਕਿਸੇ ਹੋਰ ਦਾ ਕੋਈ ਵੀਡੀਓ ਰਿਕਾਰਡ ਨਹੀਂ ਕੀਤਾ। ਇਲੈਕਟ੍ਰਾਨਿਕ ਉਪਕਰਣ ਤੇ ਮੋਬਾਈਲ ਫੋਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।


ਐਸਐਸਪੀ ਨੇ ਕਿਹਾ- ਖੁਦਕੁਸ਼ੀ ਦੀ ਕੋਸ਼ਿਸ਼ ਜਾਂ ਮੌਤ ਨਹੀਂ ਹੋਈ ਹੈ। ਐਂਬੂਲੈਂਸ ਵਿੱਚ ਲਿਜਾਇਆ ਗਿਆ ਇੱਕ ਵਿਦਿਆਰਥੀ ਪਰੇਸ਼ਾਨ ਸੀ ਤੇ ਸਾਡੀ ਟੀਮ ਉਸ ਦੇ ਸੰਪਰਕ ਵਿੱਚ ਹੈ। ਇੱਕ ਵਿਦਿਆਰਥੀ ਦੀ ਵੀਡੀਓ ਤੋਂ ਇਲਾਵਾ ਕੋਈ ਹੋਰ ਵੀਡੀਓ ਸਾਡੇ ਸਾਹਮਣੇ ਨਹੀਂ ਆਈ ਹੈ।


ਇਸ ਤੋਂ ਇਲਾਵਾ ਵਾਰਡਨ ਦੀ ਵੀਡੀਓ 'ਤੇ ਐਸਐਸਪੀ ਨੇ ਕਿਹਾ- ਵਾਰਡਨ ਦੀ ਵੀਡੀਓ 'ਚ ਵਾਰਡਨ ਉਸ ਨੂੰ ਜਾਣਕਾਰੀ ਲੈਣ ਲਈ ਕਹਿ ਰਿਹਾ ਹੈ ਕਿ ਕੀ ਕਿਸੇ ਹੋਰ ਨੇ ਵੀਡੀਓ ਬਣਾਈ ਹੈ। ਅਸੀਂ ਫੋਰੈਂਸਿਕ ਜਾਂਚ ਵੀ ਕਰਵਾ ਰਹੇ ਹਾਂ, ਤੇ ਕੋਈ ਵੀਡੀਓ ਨਹੀਂ ਹੈ। ਅਫਵਾਹਾਂ ਫੈਲ ਰਹੀਆਂ ਹਨ। ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫੋਨ ਨੂੰ ਕਬਜ਼ੇ 'ਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।